ਕੀਵ (ਪਾਇਲ): ਰੂਸ ਨਾਲ ਚੱਲ ਰਹੀ ਜੰਗ ਦੇ ਵਿਚਕਾਰ ਯੂਕਰੇਨ ਨੇ ਆਪਣੀ ਫੌਜੀ ਤਾਕਤ ਨੂੰ ਮਜ਼ਬੂਤ ਕਰਨ ਦੀ ਦਿਸ਼ਾ 'ਚ ਵੱਡਾ ਕਦਮ ਚੁੱਕਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਫਰਾਂਸ ਤੋਂ 100 ਰਾਫੇਲ ਲੜਾਕੂ ਜਹਾਜ਼ ਖਰੀਦਣ ਦੇ ਸਮਝੌਤੇ 'ਤੇ ਦਸਤਖਤ ਕੀਤੇ ਹਨ। ਇਹ ਯੂਕਰੇਨ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਹਵਾਈ ਰੱਖਿਆ ਸਮਝੌਤਾ ਮੰਨਿਆ ਜਾ ਰਿਹਾ ਹੈ। ਜ਼ੇਲੇਂਸਕੀ ਇਸ ਸਮੇਂ ਪੈਰਿਸ ਵਿੱਚ ਹੈ, ਜਿੱਥੇ ਉਸਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਵਿਸਤ੍ਰਿਤ ਗੱਲਬਾਤ ਕੀਤੀ।
ਇਸ ਮੀਟਿੰਗ ਦੌਰਾਨ ਰਾਫੇਲ ਜਹਾਜ਼ਾਂ ਦੀ ਖਰੀਦ ਸਬੰਧੀ ਸਮਝੌਤਾ ਪੂਰਾ ਹੋਇਆ। ਜ਼ੇਲੇਂਸਕੀ ਨੇ ਕਿਹਾ ਕਿ ਇਹ ਸੌਦਾ ਯੂਕਰੇਨ ਨੂੰ "ਰੂਸੀ ਹਮਲੇ ਦੇ ਵਿਰੁੱਧ ਮਜ਼ਬੂਤ ਸੁਰੱਖਿਆ ਸਮਰੱਥਾ" ਪ੍ਰਦਾਨ ਕਰੇਗਾ। ਜਾਣਕਾਰੀ ਅਨੁਸਾਰ ਇਹ 10 ਸਾਲ ਦਾ ਰਣਨੀਤਕ ਹਵਾਬਾਜ਼ੀ ਸਮਝੌਤਾ ਹੈ। ਸ਼ੁਰੂਆਤੀ ਪੜਾਅ 'ਚ ਫਰਾਂਸ ਦੇ ਮੌਜੂਦਾ ਫੌਜੀ ਬੇੜੇ 'ਚੋਂ ਕੁਝ ਰਾਫੇਲ ਜਹਾਜ਼ ਵੀ ਦਿੱਤੇ ਜਾ ਸਕਦੇ ਹਨ।
ਇਸ ਦੌਰਾਨ ਰੂਸ ਨੇ ਯੂਕਰੇਨ 'ਤੇ ਡਰੋਨ ਅਤੇ ਮਿਜ਼ਾਈਲ ਹਮਲੇ ਤੇਜ਼ ਕਰ ਦਿੱਤੇ ਹਨ। ਇਸ ਤੋਂ ਇਲਾਵਾ ਰੂਸ ਨੇ ਪੂਰਬੀ ਯੂਕਰੇਨ ਦੇ ਬਾਲਾਕਲੀਆ ਸ਼ਹਿਰ 'ਤੇ ਮਿਜ਼ਾਈਲ ਹਮਲਾ ਕੀਤਾ। ਇਸ ਹਮਲੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਜਦ ਕਿ 10 ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚ ਤਿੰਨ ਨੌਜਵਾਨ ਸ਼ਾਮਲ ਸਨ। ਖਾਰਕਿਵ ਦੇ ਖੇਤਰੀ ਅਧਿਕਾਰੀਆਂ ਨੇ ਦੱਸਿਆ ਕਿ ਹਮਲੇ 'ਚ ਇਕ ਬਹੁ-ਮੰਜ਼ਿਲਾ ਇਮਾਰਤ ਅਤੇ ਕਈ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਰੂਸੀ ਫੌਜਾਂ ਵੀ ਤੇਜ਼ੀ ਨਾਲ ਜ਼ਾਪੋਰਿਜ਼ੀਆ ਖੇਤਰ ਵਿੱਚ ਅੱਗੇ ਵਧ ਰਹੀਆਂ ਹਨ, ਜਿਸ ਨਾਲ ਯੂਕਰੇਨ ਦੀ ਸੁਰੱਖਿਆ ਸਥਿਤੀ ਹੋਰ ਚੁਣੌਤੀਪੂਰਨ ਹੋ ਗਈ ਹੈ। ਇਹ ਸੌਦਾ ਯੂਕਰੇਨ ਦੀ ਹਵਾਈ ਸ਼ਕਤੀ ਨੂੰ ਕਈ ਗੁਣਾ ਵਧਾ ਸਕਦਾ ਹੈ। ਰਾਫੇਲ ਵਰਗੇ ਆਧੁਨਿਕ ਲੜਾਕੂ ਜਹਾਜ਼ ਰੂਸ ਦੇ ਖਿਲਾਫ ਹਵਾਈ ਰੱਖਿਆ ਅਤੇ ਹਮਲਾ ਕਰਨ ਦੀ ਸਮਰੱਥਾ ਨੂੰ ਮਜ਼ਬੂਤ ਕਰਨਗੇ।



