ਫਿਰੋਜ਼ਪੁਰ (ਇੰਦਰਜੀਤ ਸਿੰਘ ਚਾਹਲ) : ਹਿੰਦ-ਪਾਕਿ ਕੌਮਾਂਤਰੀ ਸਰਹੱਦ ਦੀ ਚੌਂਕੀ ਮੱਬੋਕੇ ਵਿਖੇ ਹੈਰੋਇਨ ਸਮੱਗਲਿੰਗ ਦੀ ਕੋਸ਼ਿਸ਼ ਨਾਕਾਮ ਕਰਦਿਆਂ ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਨੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜੀ ਗਈ ਡੇਢ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਬੀਐੱਸਐੱਫ ਅਧਿਕਾਰੀਆਂ ਮੁਤਾਬਕ ਵੀਰਵਾਰ ਰਾਤ ਸਰਹੱਦ 'ਤੇ ਬੀਐੱਸਐੱਫ ਦੇ ਜਵਾਨ ਗਸ਼ਤ ਕਰ ਰਹੇ ਸਨ ਤਾਂ ਸਾਢੇ ਦਸ ਵਜੇ ਦੇ ਕਰੀਬ ਚੌਂਕੀ ਮੱਬੋ ਕੇ ਇਲਾਕੇ ਵਿਚੋਂ ਹਿੱਲਜੁਲ ਹੁੰਦੀ ਮਹਿਸੂਸ ਹੋਈ।ਇਸ 'ਤੇ ਬੀਐੱਸਐੱਫ ਜਵਾਨਾਂ ਨੇ ਸਮੱਗਲਰਾਂ ਨੂੰ ਲਾਲਕਾਰਿਆ ਤਾਂ ਉਨ੍ਹਾਂ ਕਾਹਲੀ ਵਿਚ ਭਾਰਤ ਵਾਲੇ ਪਾਸੇ ਕੁਝ ਸੁੱਟਿਆ।
ਇਸ ਦੌਰਾਨ ਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ ਤਾਂ ਪਾਕਿਸਤਾਨ ਸਮੱਗਲਰ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਫ਼ਰਾਰ ਹੋ ਗਏ।ਬੀਐੱਸਐੱਫ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਸਵੇਰੇ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਸਰਹੱਦ ਤੋਂ ਤਿੰਨ ਪੈਕਟ ਹੈਰੋਇਨ ਬਰਾਮਦ ਹੋਏ, ਜਿਨ੍ਹਾਂ ਦਾ ਵਜ਼ਨ ਤੋਲਣ 'ਤੇ ਕਰੀਬ ਡੇਢ ਕਿੱਲੋ ਪਾਇਆ ਗਿਆ। ਅਧਿਕਾਰੀਆਂ ਮੁਤਾਬਕ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿਚ ਕੀਮਤ ਕਰੀਬ ਸਾਢੇ 7 ਕਰੋੜ ਰੁਪਏ ਬਣਦੀ ਹੈ।



