ਨਵੀਂ ਦਿੱਲੀ (ਪਾਇਲ): ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਰਤ ਦੌਰੇ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ। ਉਹ 2026 ਦੀ ਸ਼ੁਰੂਆਤ ਵਿੱਚ ਭਾਰਤ ਦਾ ਦੌਰਾ ਕਰਨਗੇ, ਜਿਸ ਨੂੰ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਮੰਨਿਆ ਜਾ ਰਿਹਾ ਹੈ। ਦੋਹਾਂ ਨੇਤਾਵਾਂ ਨੇ ਜੀ-20 ਸੰਮੇਲਨ ਦੌਰਾਨ ਹੋਈ ਦੁਵੱਲੀ ਬੈਠਕ 'ਚ ਇਹ ਫੈਸਲਾ ਲਿਆ। ਅਗਸਤ 2025 ਵਿੱਚ ਹਾਈ ਕਮਿਸ਼ਨਰਾਂ ਦੀ ਵਾਪਸੀ ਤੋਂ ਬਾਅਦ ਇਸ ਨੂੰ ਸਭ ਤੋਂ ਵੱਡਾ ਸਕਾਰਾਤਮਕ ਕਦਮ ਮੰਨਿਆ ਜਾ ਰਿਹਾ ਹੈ। ਟਰੂਡੋ ਸਰਕਾਰ ਦੇ ਦੋਸ਼ਾਂ ਕਾਰਨ ਵਿਗੜ ਗਏ ਰਿਸ਼ਤੇ ਹੁਣ ਕਾਰਨੇ ਦੀ ਅਗਵਾਈ ਵਿੱਚ “ਰੀਸੈਟ ਮੋਡ” ਵਿੱਚ ਦੇਖੇ ਜਾ ਰਹੇ ਹਨ। ਦੋਵਾਂ ਪ੍ਰਧਾਨ ਮੰਤਰੀਆਂ ਨੇ ਇਸ ਰਿਸ਼ਤੇ ਨੂੰ “ਨਵੀਂ ਸ਼ੁਰੂਆਤ” ਦੱਸਿਆ।
ਭਾਰਤ ਅਤੇ ਕੈਨੇਡਾ ਉੱਚ ਪੱਧਰੀ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (ਸੀਈਪੀਏ) 'ਤੇ ਤੇਜ਼ੀ ਨਾਲ ਗੱਲਬਾਤ ਸ਼ੁਰੂ ਕਰਨ ਲਈ ਸਹਿਮਤ ਹੋਏ ਹਨ। ਇਸ ਦਾ ਉਦੇਸ਼ 2030 ਤੱਕ ਦੁਵੱਲੇ ਵਪਾਰ ਨੂੰ 50 ਬਿਲੀਅਨ ਡਾਲਰ ਤੱਕ ਵਧਾਉਣਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹਾਲ ਹੀ ਦੇ ਮਹੀਨਿਆਂ ਵਿੱਚ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ "ਵੱਡੀ ਗਤੀ" ਆਈ ਹੈ ਅਤੇ ਇਹ "ਅਗਲੇ ਪੱਧਰ 'ਤੇ ਜਾਣ ਦਾ ਸਮਾਂ ਹੈ"।
ਦੋਵੇਂ ਦੇਸ਼ ਸਹਿਮਤ ਹੋਏ ਕਿ ਉਹ ਆਉਣ ਵਾਲੇ ਮਹੀਨਿਆਂ ਵਿੱਚ ਵਪਾਰ, ਨਿਵੇਸ਼, ਤਕਨਾਲੋਜੀ, ਨਵੀਨਤਾ, ਊਰਜਾ, ਸਿੱਖਿਆ ਵਿੱਚ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨਗੇ। ਮੋਦੀ ਨੇ ਇਹ ਵੀ ਦੱਸਿਆ ਕਿ ਕੈਨੇਡੀਅਨ ਪੈਨਸ਼ਨ ਫੰਡ ਭਾਰਤੀ ਕੰਪਨੀਆਂ ਵਿੱਚ ਵੱਧਦੀ ਦਿਲਚਸਪੀ ਦਿਖਾ ਰਹੇ ਹਨ। ਮੋਦੀ ਅਤੇ ਕਾਰਨੀ ਨੇ ਰੱਖਿਆ, ਪੁਲਾੜ ਅਤੇ ਸਿਵਲ ਪਰਮਾਣੂ ਊਰਜਾ ਅਤੇ ਲੰਬੇ ਸਮੇਂ ਦੀ ਯੂਰੇਨੀਅਮ ਸਪਲਾਈ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ 'ਤੇ ਚਰਚਾ ਕੀਤੀ।
ਜਿਸ ਸੰਬੰਧ 'ਚ ਕਾਰਨੀ ਨੇ ਕਿਹਾ,"ਭਾਰਤ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ। CEPA ਵਪਾਰ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਵੇਗਾ।" ਉਸਨੇ ਭਾਰਤ ਨੂੰ ਸੂਰਜੀ, ਪੌਣ ਊਰਜਾ ਅਤੇ ਸਪਲਾਈ ਲੜੀ ਵਿਭਿੰਨਤਾ ਵਿੱਚ ਇੱਕ ਵੱਡੀ ਸੰਭਾਵਨਾ ਦੱਸਿਆ। ਭਾਰਤ, ਕੈਨੇਡਾ ਅਤੇ ਆਸਟ੍ਰੇਲੀਆ ਨੇ ਸਾਂਝੇ ਤੌਰ 'ਤੇ ACITI (ਆਸਟ੍ਰੇਲੀਆ-ਕੈਨੇਡਾ-ਇੰਡੀਆ ਟੈਕਨਾਲੋਜੀ ਅਤੇ ਇਨੋਵੇਸ਼ਨ) ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ, ਜਿਸਦਾ ਉਦੇਸ਼ ਉਭਰਦੀਆਂ ਤਕਨੀਕਾਂ, AI ਸਹਿਯੋਗ, ਸਾਫ਼ ਊਰਜਾ ਅਤੇ ਸਪਲਾਈ ਚੇਨ ਵਿਭਿੰਨਤਾ ਨੂੰ ਮਜ਼ਬੂਤ ਕਰਨਾ ਹੈ।
