ਫਗਵਾੜਾ (ਨੇਹਾ): ਇੱਥੋਂ ਦੇ ਨਜ਼ਦੀਕੀ ਪਿੰਡ ਦਰਵੇਸ਼ ਵਿੱਚ ਵੱਡੇ ਤੜਕੇ ਆਪ ਆਗੂ ਦਲਜੀਤ ਰਾਜੂ ਦੀ ਰਿਹਾਇਸ਼ 'ਤੇ ਦੋ ਅਣਪਛਾਤੇ ਨਕਾਬਪੋਸ਼ਾਂ ਵੱਲੋਂ ਗੋਲੀਬਾਰੀ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੌਕੇ ਹਮਲਾਵਰਾਂ ਨੇ ਅੰਦਾਜ਼ਨ 23-24 ਰਾਊਂਡ ਫਾਇਰ ਕੀਤੇ। ਆਪ ਆਗੂ ਰਾਜੂ ਨੇ ਦੱਸਿਆ ਕਿ ਗੋਲੀਬਾਰੀ ਹੋਣ ਸਮੇਂ ਉਹ, ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੀ ਧੀ ਪਹਿਲੀ ਮੰਜ਼ਿਲ ’ਤੇ ਸੁੱਤੇ ਹੋਏ ਸਨ। ਇਸ ਘਟਨਾ ਦੌਰਾਨ ਪਰਿਵਾਰ ਵਾਲ ਵਾਲ ਬਚ ਗਿਆ।
ਰਾਜੂ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਨਕਾਬਪੋਸ਼ ਵਿਅਕਤੀਆਂ ਨੂੰ ਨੇੜੇ ਤੋਂ ਉਨ੍ਹਾਂ ਦੇ ਘਰ ’ਤੇ ਗੋਲੀਆਂ ਚਲਾਉਂਦੇ ਦੇਖਿਆ ਅਤੇ ਉਹ ਹਨੇਰੇ ਦਾ ਫਾਇਦਾ ਚੁੱਕਦਿਆਂ ਫਰਾਰ ਹੋ ਗਏ। ਘਟਨਾ ਦੀ ਸੀਸੀਟੀਵੀ ਫੁਟੇਜ ਵਿੱਚ ਹਮਲਾਵਰਾਂ ਨੂੰ ਨਕਾਬ ਪਾ ਕੇ ਮੋਟਰਸਾਈਕਲ 'ਤੇ ਆਉਂਦੇ ਦੇਖਿਆ ਗਿਆ ਹੈ। ਉਨ੍ਹਾਂ ਨੇ ਵਾਹਨ ਨੂੰ ਪਿੰਡ ਦੇ ਮੁੱਖ ਗੇਟ ਨੇੜੇ ਖੜ੍ਹਾ ਕੀਤਾ ਅਤੇ ਪੈਦਲ ਘਰ ਤੱਕ ਪਹੁੰਚੇ। ਕੈਮਰੇ ਵਿੱਚ ਉਨ੍ਹਾਂ ਵਿੱਚੋਂ ਇੱਕ ਨੂੰ ਕੰਪਾਊਂਡ ਦੇ ਅੰਦਰ ਇੱਕ ਚਾਰ ਪੰਨਿਆਂ ਦਾ ਨੋਟ ਸੁੱਟਦੇ ਹੋਏ ਕੈਦ ਕੀਤਾ ਗਿਆ। ਕਾਗਜ਼ਾਂ ’ਤੇ ਕਥਿਤ ਤੌਰ 'ਤੇ ਕਾਲਾ ਰਾਣਾ ਗਰੁੱਪ ਵੱਲੋਂ 5 ਕਰੋੜ ਰੁਪਏ ਦੀ ਮੰਗ ਦਾ ਧਮਕੀ ਭਰਿਆ ਸੁਨੇਹਾ ਲਿਖਿਆ ਸੀ।



