ਵੈਨਕੂਵਰ (ਪਾਇਲ): ਤੁਹਾਨੂੰ ਦੱਸ ਦਇਏ ਕਿ ਡੈਲਟਾ ਸ਼ਹਿਰ ਵਿੱਚ ਇੱਕ ਮਹੀਨਾ ਪਹਿਲਾਂ ਹਾਈਵੇਅ ਤੇ ਸੜੀ ਹੋਈ ਕਾਰ ’ਚੋਂ ਮਿਲੀ ਔਰਤ ਦੀ ਲਾਸ਼ ਸਬੰਧੀ ਮਾਮਲੇ ਦੀ ਪੜਤਾਲ ਦੌਰਾਨ ਪੁਲਿਸ ਨੇ ਮ੍ਰਿਤਕ ਅਮਨਦੀਪ ਕੌਰ ਖਹਿਰਾ ਦੇ ਦਿਓਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਗੁਰਜੋਤ ਸਿੰਘ ਖਹਿਰਾ (24) ਵਾਸੀ ਸਰੀ ਉੱਤੇ ਦੂਜਾ ਦਰਜਾ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ, ਜਿਸ ਨੂੰ 11 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਮ੍ਰਿਤਕਾ ਪਹਿਲਾਂ ਐਡਮਿੰਟਨ ਰਹਿੰਦੀ ਸੀ, ਪਰ ਵਿਆਹ ਤੋਂ ਬਾਅਦ ਪਤੀ ਕੋਲ ਸਰੀ ਰਹਿਣ ਲੱਗ ਪਈ। ਦੱਸਣਯੋਗ ਹੈ ਕਿ ਉਹ ਲੁਧਿਆਣਾ ਜਿਲੇ ਦੇ ਪਿੰਡ ਗੁਜਰਵਾਲ ਤੋਂ ਸਿਧਵਾਂ ਬੇਟ ਨੇੜਲੇ ਪਿੰਡ ਲੋਧੀਵਾਲ ਦੇ ਪਿਛੋਕੜ ਵਾਲੇ ਪਰਿਵਾਰ ‘ਚ ਵਿਆਹੀ ਗਈ ਸੀ। ਜਿਸ ਦੌਰਾਨ ਡੈਲਟਾ ਪੁਲਿਸ ਨੂੰ ਕਰੀਬ ਇੱਕ ਮਹੀਨਾ ਪਹਿਲਾਂ ਹਾਈਵੇਅ 17 ’ਤੇ 70 ਸਟਰੀਟ ਨਜ਼ਦੀਕ ਅੱਗ ਲੱਗੀ ਬਾਰੇ ਸੂਚਨਾ ਮਿਲੀ ਸੀ, ਜਿਸ ਵਿੱਚ ਮਹਿਲਾ ਦੀ ਸੜੀ ਹੋਈ ਲਾਸ਼ ਮਿਲੀ ਸੀ।
ਮਾਮਲੇ ਦੀ ਪੜਤਾਲ ਦੌਰਾਨ ਮ੍ਰਿਤਕ ਮਹਿਲਾ ਦੇ ਦਿਓਰ ਖ਼ਿਲਾਫ਼ ਪੁਲਿਸ ਦੇ ਹੱਥ ਠੋਸ ਸਬੂਤ ਲੱਗੇ ਹਨ। ਡੈਲਟਾ ਪੁਲਿਸ ਵੱਲੋਂ ਹੱਤਿਆ ਦਾ ਕਾਰਨ ਅਤੇ ਹਾਦਸੇ ਦੇ ਵੇਰਵਿਆਂ ਬਾਰੇ ਪੂਰਾ ਖੁਲਾਸਾ ਨਹੀਂ ਕੀਤਾ ਗਿਆ ਹੈ।



