ਇਸਲਾਮਾਬਾਦ (ਪਾਇਲ): ਪਾਕਿਸਤਾਨ ਦੀ ਪੰਜਾਬ ਪੁਲਿਸ ਨੇ ਅਣਜਾਣੇ 'ਚ ਦੇਸ਼ 'ਚ ਦਾਖਲ ਹੋਏ ਇਕ ਕਥਿਤ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪਾਕਿਸਤਾਨ ਰੇਂਜਰਾਂ ਨੇ ਬਿਨਾਂ ਕਿਸੇ ਕਾਨੂੰਨੀ ਰਸਮ ਦੇ ਉਸ ਨੂੰ 100 ਤੋਂ ਵੱਧ ਦਿਨਾਂ ਤੱਕ ਹਿਰਾਸਤ ਵਿੱਚ ਰੱਖਿਆ। ਪੁਲਿਸ ਅਨੁਸਾਰ ਕਥਿਤ ਭਾਰਤੀ ਨਾਗਰਿਕ ਬੀ.ਜੇ. ਸਿੰਘ 16 ਅਗਸਤ ਨੂੰ ਭਾਰਤੀ ਬਚਨ ਸਿੰਘ ਪੋਸਟ ਦੇ ਸਾਹਮਣੇ ਅਜਮਲ ਸ਼ਹੀਦ ਪੋਸਟ ਦੇ ਨੇੜੇ ਤੋਂ ਪਾਕਿਸਤਾਨ ਵਿੱਚ ਦਾਖ਼ਲ ਹੋਇਆ ਸੀ। ਸਿੰਘ (31) ਆਸਾਮ ਦਾ ਰਹਿਣ ਵਾਲਾ ਹੈ।
ਪੁਲਿਸ ਨੇ ਦੱਸਿਆ ਕਿ ਰੇਂਜਰਾਂ ਨੇ ਉਸ ਨੂੰ ਭਾਰਤ-ਪਾਕਿਸਤਾਨ ਸਰਹੱਦ ਨੇੜੇ ਗ੍ਰਿਫਤਾਰ ਕੀਤਾ ਅਤੇ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੱਕ ਉਸ ਤੋਂ ਪੁੱਛਗਿੱਛ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਸਿੰਘ ਤੋਂ ਕੁਝ ਵੀ ਸ਼ੱਕੀ ਬਰਾਮਦ ਨਾ ਹੋਣ ਤੋਂ ਬਾਅਦ, ਉਸਨੂੰ ਇਸ ਹਫ਼ਤੇ ਲਾਹੌਰ ਤੋਂ ਲਗਭਗ 50 ਕਿਲੋਮੀਟਰ ਦੂਰ ਕਸੂਰ ਦੇ ਸਦਰ ਪੁਲਿਸ ਸਟੇਸ਼ਨ ਦੇ ਹਵਾਲੇ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਪਿਤਾ ਬਰਸ਼ਨ ਸਿੰਘ ਨਾਲ ਕਿਸੇ ਘਰੇਲੂ ਗੱਲ ਨੂੰ ਲੈ ਕੇ ਲੜਾਈ ਝਗੜਾ ਕਰਕੇ ਘਰ ਛੱਡ ਗਿਆ ਸੀ। ਪੁਲਸ ਨੇ ਉਸ ਖਿਲਾਫ ਗੈਰ-ਕਾਨੂੰਨੀ ਤਰੀਕੇ ਨਾਲ ਪਾਕਿਸਤਾਨ 'ਚ ਦਾਖਲ ਹੋਣ ਦਾ ਮਾਮਲਾ ਦਰਜ ਕਰ ਲਿਆ ਹੈ।



