ਲੰਡਨ (ਪਾਇਲ): ਬ੍ਰਿਟਿਸ਼ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਨੇ ਅੱਜ ਬਜਟ ਨੂੰ ਲੈ ਕੇ ਪੈਦਾ ਹੋਏ ਵਿਵਾਦਾਂ 'ਤੇ ਖੁੱਲ੍ਹ ਕੇ ਜਵਾਬ ਦਿੱਤਾ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਚਾਂਸਲਰ ਰੇਚਲ ਰੀਵਜ਼ ਨੇ ਦੇਸ਼ ਅਤੇ ਮੰਤਰੀ ਮੰਡਲ ਨੂੰ ਗਲਤ ਵਿੱਤੀ ਜਾਣਕਾਰੀ ਦਿੱਤੀ ਅਤੇ ਟੈਕਸ ਵਾਧੇ ਦੇ ਅਸਲ ਕਾਰਨਾਂ ਨੂੰ ਛੁਪਾਇਆ। ਸਟਾਰਮਰ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਕਿਹਾ ਕਿ "ਕਿਸੇ ਨੂੰ ਵੀ ਗੁੰਮਰਾਹ ਨਹੀਂ ਕੀਤਾ ਗਿਆ।" ਉਤਪਾਦਕਤਾ ਦੇ ਘਟਣ ਦੇ ਅੰਦਾਜ਼ੇ ਕਾਰਨ ਸਰਕਾਰੀ ਖ਼ਜ਼ਾਨੇ ਵਿੱਚ ਅਚਾਨਕ 16 ਅਰਬ ਪੌਂਡ ਦੀ ਕਮੀ ਆ ਗਈ, ਜਿਸ ਕਾਰਨ ਔਖੇ ਫ਼ੈਸਲੇ ਲੈਣੇ ਪਏ। ਉਸ ਨੇ ਇਹ ਵੀ ਕਿਹਾ ਕਿ ਟੈਕਸ ਵਾਧਾ ਲੋਕਾਂ ਨੂੰ ਪਰੇਸ਼ਾਨ ਕਰੇਗਾ, ਪਰ ਇਹ ਦੇਸ਼ ਨੂੰ ਬਚਾਉਣ ਲਈ "ਜ਼ਰੂਰੀ ਅਤੇ ਜਾਇਜ਼" ਕਦਮ ਸੀ।
ਸਟਾਰਮਰ ਨੇ ਬਰਤਾਨੀਆ ਦੀ ਭਲਾਈ ਪ੍ਰਣਾਲੀ ਵਿੱਚ ਵੱਡੇ ਸੁਧਾਰਾਂ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਟੋਰੀ ਸਰਕਾਰ ਦੀਆਂ ਕਠੋਰ ਨੀਤੀਆਂ ਨੌਜਵਾਨਾਂ ਅਤੇ ਗਰੀਬ ਪਰਿਵਾਰਾਂ ਨੂੰ ਠੇਸ ਪਹੁੰਚਾ ਰਹੀਆਂ ਹਨ। ਉਨ੍ਹਾਂ ਸਾਬਕਾ ਕਿਰਤ ਮੰਤਰੀ ਐਲਨ ਮਿਲਬਰਨ ਨੂੰ ਨੌਜਵਾਨਾਂ ਦੀ ਬੇਰੁਜ਼ਗਾਰੀ ਬਾਰੇ ਰਿਪੋਰਟ ਤਿਆਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ। ਸਟਾਰਮਰ ਨੇ ਮਾਨਸਿਕ ਸਿਹਤ, ਨਿਊਰੋਡਾਈਵਰਜੈਂਸ ਅਤੇ ਅਪਾਹਜ ਨੌਜਵਾਨਾਂ ਲਈ ਬਿਹਤਰ ਸਹਾਇਤਾ ਬਾਰੇ ਗੱਲ ਕੀਤੀ, ਤਾਂ ਜੋ ਉਨ੍ਹਾਂ ਨੂੰ ਗਰੀਬੀ ਅਤੇ ਬੇਰੁਜ਼ਗਾਰੀ ਦੇ ਚੱਕਰ ਵਿੱਚੋਂ ਬਾਹਰ ਕੱਢਿਆ ਜਾ ਸਕੇ।
ਸਾਬਕਾ ਟੋਰੀ ਸੰਸਦ ਮੈਂਬਰ ਜੋਨਾਥਨ ਗਿਲਿਸ ਅਤੇ ਲਿਆ ਨੀਸੀ ਨੇ ਅਚਾਨਕ ਕੰਜ਼ਰਵੇਟਿਵ ਪਾਰਟੀ ਛੱਡ ਦਿੱਤੀ ਅਤੇ ਰਿਫਾਰਮ ਯੂਕੇ ਵਿੱਚ ਸ਼ਾਮਲ ਹੋ ਗਏ। ਇਸ ਨਾਲ ਬਰਤਾਨੀਆ ਦੀ ਸਿਆਸਤ ਵਿੱਚ ਨਵੀਂ ਹਲਚਲ ਪੈਦਾ ਹੋ ਗਈ ਹੈ। ਬਜਟ ਦਸਤਾਵੇਜ਼ ਲੀਕ ਬਾਰੇ ਓਬੀਆਰ ਦੀ ਰਿਪੋਰਟ ਅੱਜ ਦੁਪਹਿਰ ਨੂੰ ਜਾਰੀ ਕੀਤੀ ਜਾਵੇਗੀ। ਪੂਰਾ ਦੇਸ਼ ਇਸ 'ਤੇ ਨਜ਼ਰ ਰੱਖ ਰਿਹਾ ਹੈ। ਟੋਰੀ ਆਗੂਆਂ ਨੇ ਕਿਹਾ ਕਿ ਜੇਕਰ ਚਾਂਸਲਰ ਨੇ ਵਿੱਤੀ ਸਥਿਤੀ ਬਾਰੇ ਗਲਤ ਬਿਆਨਬਾਜ਼ੀ ਕੀਤੀ ਹੈ ਤਾਂ ਉਸ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਕੁਝ ਨੇਤਾ ਇਹ ਵੀ ਕਹਿ ਰਹੇ ਹਨ ਕਿ ਜੇਕਰ ਜਾਂਚ 'ਚ ਕੁਝ ਗਲਤ ਪਾਇਆ ਗਿਆ ਤਾਂ ਜ਼ਿੰਮੇਵਾਰੀ ਪ੍ਰਧਾਨ ਮੰਤਰੀ 'ਤੇ ਜਾ ਸਕਦੀ ਹੈ।



