ਕੰਬੋਡੀਆ ਦੀ ਸੈਨੇਟ ਦੇ ਪ੍ਰਧਾਨ ਹੁਨ ਸੇਨ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਥਾਈਲੈਂਡ ਖ਼ਿਲਾਫ਼ ਸਖ਼ਤ ਸੰਘਰਸ਼ ਕਰੇਗਾ। ਦੱਖਣ-ਪੂਰਬੀ ਏਸ਼ਿਆਈ ਗੁਆਂਢੀ ਮੁਲਕਾਂ ਵਿਚਾਲੇ ਦੂਜੇ ਦਿਨ ਵੱਡੇ ਪੱਧਰ ’ਤੇ ਸ਼ੁਰੂ ਹੋਏ ਸੰਘਰਸ਼ ਕਾਰਨ ਹਜ਼ਾਰਾਂ ਲੋਕ ਸਰਹੱਦੀ ਖੇਤਰ ਛੱਡ ਕੇ ਚਲੇ ਗਏ ਹਨ। ਦੱਸ ਦਇਏ ਕਿ ਲੰਘੇ ਐਤਵਾਰ ਦੀ ਰਾਤ ਹੋਈ ਝੜਪ ਮਗਰੋਂ ਲੜਾਈ ਸ਼ੁਰੂ ਹੋ ਗਈ ਜਿਸ ’ਚ ਥਾਈਲੈਂਡ ਦਾ ਸੈਨਿਕ ਮਾਰਿਆ ਗਿਆ।
ਦੱਸਿਆ ਜਾਂਦਾ ਹੈ ਕਿ ਜੁਲਾਈ ’ਚ ਖੇਤਰੀ ਦਾਅਵਿਆਂ ਨੂੰ ਲੈ ਕੇ ਜੰਗਬੰਦੀ ਹੋਈ ਸੀ। ਪੰਜ ਦਿਨ ਤੱਕ ਚੱਲੀ ਲੜਾਈ ’ਚ ਦੋਵਾਂ ਧਿਰਾਂ ਦੇ ਕਈ ਵਿਅਕਤੀ ਮਾਰੇ ਗਏ ਸਨ ਤੇ ਇੱਕ ਲੱਖ ਤੋਂ ਵੱਧ ਆਮ ਨਾਗਰਿਕ ਇਲਾਕਾ ਛੱਡਣ ਲਈ ਮਜਬੂਰ ਹੋਏ ਸਨ। ਦੋਵੇਂ ਧਿਰਾਂ ਨੇ ਲੜਾਈ ਜਾਰੀ ਰੱਖਣ ਦਾ ਅਹਿਦ ਲਿਆ ਹੈ। ਥਾਈਲੈਂਡ ਦੇ ਪ੍ਰਧਾਨ ਮੰਤਰੀ ਅਨੁਤਿਨ ਚਾਰਨਵਿਰਾਕੁਲ ਨੇ ਕਿਹਾ ਕਿ ਕੰਬੋਡੀਆ ਨੇ ਸੰਭਾਵੀ ਵਾਰਤਾ ਲਈ ਹਾਲੇ ਤੱਕ ਥਾਈਲੈਂਡ ਨਾਲ ਸੰਪਰਕ ਨਹੀਂ ਕੀਤਾ ਹੈ ਅਤੇ ਲੜਾਈ ਜਾਰੀ ਰਹੇਗੀ ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਕੋਈ ਵੀ ਧਿਰ ਪਿੱਛੇ ਹਟਣ ਲਈ ਤਿਆਰ ਨਹੀਂ ਹੈ। ਜਿਸ ਦੌਰਾਨ ਥਾਈਲੈਂਡ ਦੀ ਸੈਨਾ ਨੇ ਕਿਹਾ ਕਿ ਕੰਬੋਡੀਆ ਨੇ ਅੱਜ ਤੋਪਖਾਨੇ, ਰਾਕੇਟ ਤੇ ਡਰੋਨਾਂ ਨਾਲ ਹਮਲਾ ਕੀਤਾ ਹੈ।



