ਯੇਰੂਸ਼ਲਮ (ਪਾਇਲ): ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਦੇਸ਼ ਚਲਾਉਣ ਲਈ ਅਪਣਾਈ ਨੀਤੀ ਦਾ ਬਚਾਅ ਕਰਦਿਆਂ ਕਿਹਾ ਕਿ ਮੁਲਕ ਖ਼ਿਲਾਫ਼ ਯਹੂਦੀ ਵਿਰੋਧੀ ਭਾਵਨਾਵਾਂ ਦੇ ਬਾਵਜੂਦ ਉਨ੍ਹਾਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੁਨੀਆ ਦੇ ਕਈ ਮੁਲਕਾਂ ਅਤੇ ਆਗੂਆਂ ਤੋਂ ਡਟ ਕੇ ਹਮਾਇਤ ਮਿਲੀ ਹੈ। ਉਨ੍ਹਾਂ ਇਹ ਗੱਲ ਸੰਸਦ ’ਚ ‘40 ਦਸਤਖਤਾਂ ਵਾਲੀ ਬਹਿਸ’ ਦੌਰਾਨ ਆਖੀ। ਇਹ ਬਹਿਸ ਅਜਿਹਾ ਸੰਸਦੀ ਪ੍ਰਬੰਧ ਹੈ ਜਿਸ ਤਹਿਤ ਵਿਰੋਧੀ ਧਿਰ ਪ੍ਰਧਾਨ ਮੰਤਰੀ ਨੂੰ ਮਹੀਨੇ ’ਚ ਇਕ ਵਾਰ ਇਜ਼ਰਾਇਲੀ ਸੰਸਦ ’ਚ ਹਾਜ਼ਰ ਹੋਣ ਲਈ ਮਜਬੂਰ ਕਰ ਸਕਦੀ ਹੈ।
ਦੱਸ ਦਇਏ ਕਿ ਨੇਤਨਯਾਹੂ ਨੇ ਆਪਣੀ ਸਰਕਾਰ ਦੀਆਂ ਨੀਤੀਆਂ ਖਾਸ ਕਰ ਕੇ ਇਜ਼ਰਾਈਲ ਦੇ ਵਿਦੇਸ਼ ਸਬੰਧਾਂ ਦਾ ਜ਼ੋਰਦਾਰ ਢੰਗ ਨਾਲ ਬਚਾਅ ਕੀਤਾ। ਵਿਰੋਧੀ ਧਿਰ ਵੱਲੋਂ ਲਾਏ ਗਏ ਦੋਸ਼ਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਦਲੀਲ ਦਿੱਤੀ ਕਿ ਹਮਾਸ ਨਾਲ ਦੋ ਸਾਲ ਦੀ ਜੰਗ ਦੇ ਬਾਵਜੂਦ ਇਜ਼ਰਾਈਲ ਕੂਟਨੀਤਕ, ਫੌਜੀ ਅਤੇ ਆਰਥਿਕ ਪੱਧਰ ’ਤੇ ਹੁਣ ਵੀ ਮਜ਼ਬੂਤ ਹੈ। ਉਨ੍ਹਾਂ ਕਿਹਾ, ‘‘ਮੈਂ ਆਪਣੇ ਪੁਰਾਣੇ ਦੋਸਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅਕਸਰ ਗੱਲ ਕਰਦਾ ਹਾਂ। ਅਸੀਂ ਛੇਤੀ ਹੀ ਮਿਲਣ ਦੀ ਯੋਜਨਾ ਬਣਾਈ ਹੈ ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਡੇਢ ਅਰਬ ਦੀ ਆਬਾਦੀ ਵਾਲਾ ਵਿਸ਼ਾਲ ਦੇਸ਼ ਭਾਰਤ ਸਾਡੇ ਨਾਲ ਸਬੰਧ ਹੋਰ ਮਜ਼ਬੂਤ ਕਰਨਾ ਚਾਹੁੰਦਾ ਹੈ।’’ ਜਿਸ ਦੌਰਾਨ ਨੇਤਨਯਾਹੂ ਨੇ ਵਿਰੋਧੀ ਧਿਰ ’ਤੇ ਵਿਅੰਗ ਕਰਦਿਆਂ ਕਿਹਾ ਕਿ ਜਰਮਨੀ ਤੇ ਭਾਰਤ ਉਨ੍ਹਾਂ ਨਾਲ ਹਨ ਤੇ ਜਲਦੀ ਹੀ ਉਹ ਇਕ ਹੋਰ ਦੋਸਤ ਡੋਨਲਡ ਟਰੰਪ ਨਾਲ ਮੁਲਾਕਾਤ ਕਰਨ ਅਮਰੀਕਾ ਜਾ ਰਹੇ ਹਨ।



