ਲਖਨਊ (ਪਾਇਲ): ਉੱਤਰ ਪ੍ਰਦੇਸ਼ ਦੇ ਲਖਨਊ ਸਥਿਤ ਲੋਕ ਬੰਧੂ ਰਾਜ ਨਾਰਾਇਣ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਹਰ ਕਥਿਤ ਤੌਰ ‘ਤੇ ਇੱਕ ਨਿੱਜੀ ਹਸਪਤਾਲ ਦੇ ਕਰਮਚਾਰੀ ਵੱਲੋਂ ਇੱਕ ਵਿਅਕਤੀ ਦੀ ਲਾਸ਼ ਛੱਡ ਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਜਾਣਕਾਰੀ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਰੋਜਨੀ ਨਗਰ ਦੇ ਕਰਮਵੀਰ ਸਿੰਘ ਦੀ ਸਿਹਤ ਖਰਾਬ ਹੋਣ ਕਾਰਨ ਸੋਮਵਾਰ ਨੂੰ ਇਕ ਨਿੱਜੀ ਹਸਪਤਾਲ ਪਹੁੰਚਿਆ ਸੀ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਉਥੇ ਮੌਜੂਦ ਸਟਾਫ ਨੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰਨ ਦੀ ਬਜਾਏ ਕਥਿਤ ਤੌਰ 'ਤੇ ਲਾਸ਼ ਨੂੰ ਐਂਬੂਲੈਂਸ 'ਚ ਲੋਕ ਬੰਧੂ ਰਾਜ ਨਰਾਇਣ ਹਸਪਤਾਲ ਪਹੁੰਚਾਇਆ ਅਤੇ ਸਟ੍ਰੈਚਰ 'ਤੇ ਛੱਡ ਦਿੱਤਾ। ਉਸ ਨੇ ਦੱਸਿਆ ਕਿ ਲਾਸ਼ ਕਈ ਘੰਟੇ ਉੱਥੇ ਪਈ ਰਹੀ, ਬਾਅਦ 'ਚ ਹਸਪਤਾਲ ਦੇ ਕਰਮਚਾਰੀਆਂ ਨੇ ਦੇਖਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਸੀਐਮਓ ਡਾ: ਐਨ.ਬੀ. ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਨਿੱਜੀ ਹਸਪਤਾਲ 'ਤੇ ਲੱਗੇ ਦੋਸ਼ ਸਹੀ ਪਾਏ ਗਏ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਸੀਸੀਟੀਵੀ ਫੁਟੇਜ ਵਿੱਚ ਨਿੱਜੀ ਹਸਪਤਾਲ ਦੇ ਦੋ ਮੁਲਾਜ਼ਮ ਸਟਰੈਚਰ ਲਿਆ ਕੇ ਐਮਰਜੈਂਸੀ ਗੇਟ ਦੇ ਬਾਹਰ ਛੱਡਦੇ ਹੋਏ ਦਿਖਾਈ ਦੇ ਰਹੇ ਹਨ। ਬਾਅਦ ਵਿੱਚ ਪੁਲਿਸ ਨੇ ਮ੍ਰਿਤਕ ਦੀ ਜੇਬ ਵਿੱਚੋਂ ਮਿਲੇ ਦਸਤਾਵੇਜ਼ਾਂ ਤੋਂ ਉਸ ਦੀ ਪਛਾਣ ਕੀਤੀ। ਦੱਸ ਦਇਏ ਕਿ ਨਿੱਜੀ ਹਸਪਤਾਲ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਜਿਸ ਦੌਰਾਨ ਮ੍ਰਿਤਕ ਦੇ ਪਰਿਵਾਰ ਵੱਲੋਂ ਹਸਪਤਾਲ ‘ਤੇ ਲਾਪਰਵਾਹੀ ਦਾ ਆਰੋਪ ਲਾਇਆ ਗਿਆ ਹੈ ਅਤੇ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।



