ਰੀਵਾ (ਪਾਇਲ): ਮੱਧ ਪ੍ਰਦੇਸ਼ ਦੇ ਸੀਨੀਅਰ ਭਾਜਪਾ ਨੇਤਾ, ਸਾਬਕਾ ਸੰਸਦ ਮੈਂਬਰ ਅਤੇ ਰਾਮ ਮੰਦਰ ਅੰਦੋਲਨ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੀਨੀਅਰ ਸੰਤ ਅਤੇ ਕਥਾਵਾਚਕ ਡਾ: ਰਾਮਵਿਲਾਸ ਦਾਸ ਵੇਦਾਂਤੀ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ 75 ਸਾਲ ਦੀ ਉਮਰ 'ਚ ਰੀਵਾ 'ਚ ਆਖਰੀ ਸਾਹ ਲਿਆ। ਦੱਸਿਆ ਜਾਂਦਾ ਹੈ ਕਿ ਉਹ ਪਿਛਲੇ 10 ਦਸੰਬਰ ਤੋਂ ਰੀਵਾ ਜ਼ਿਲ੍ਹੇ ਦੇ ਪਿੰਡ ਭਠਵਾ 'ਚ ਰਾਮਕਥਾ ਦਾ ਪਾਠ ਕਰ ਰਹੇ ਸਨ।
ਐਤਵਾਰ ਨੂੰ ਕਥਾ ਦੌਰਾਨ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ। ਛਾਤੀ ਵਿੱਚ ਦਰਦ ਅਤੇ ਘਬਰਾਹਟ ਦੀ ਸ਼ਿਕਾਇਤ ਤੋਂ ਬਾਅਦ ਉਸ ਨੂੰ ਇਲਾਜ ਲਈ ਰੀਵਾ ਸੁਪਰ ਸਪੈਸ਼ਲਿਟੀ ਹਸਪਤਾਲ ਲਿਆਂਦਾ ਗਿਆ। ਮੁੱਢਲੀ ਸਹਾਇਤਾ ਤੋਂ ਬਾਅਦ ਜਦੋਂ ਉਸ ਦੀ ਹਾਲਤ ਨਾਜ਼ੁਕ ਹੋ ਗਈ ਤਾਂ ਚੇਲਿਆਂ ਨੇ ਉਸ ਨੂੰ ਭੋਪਾਲ ਏਮਜ਼ ਲਿਜਾਣ ਦਾ ਫੈਸਲਾ ਕੀਤਾ ਅਤੇ ਏਅਰ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ।
ਦੱਸ ਦਇਏ ਕਿ ਸੰਘਣੀ ਧੁੰਦ ਕਾਰਨ ਏਅਰ ਐਂਬੂਲੈਂਸ ਭੋਪਾਲ 'ਚ ਲੈਂਡ ਨਹੀਂ ਕਰ ਸਕੀ, ਜਿਸ ਕਾਰਨ ਉਸ ਨੂੰ ਵਾਪਸ ਰੀਵਾ ਲਿਆਂਦਾ ਗਿਆ। ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਜਾਰੀ ਸੀ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇੱਥੇ ਦੱਸਣਯੋਗ ਹੈ ਕਿ ਡਾ: ਰਾਮਵਿਲਾਸ ਵੇਦਾਂਤੀ ਦਾ ਜਨਮ 7 ਅਕਤੂਬਰ 1958 ਨੂੰ ਰੀਵਾ ਜ਼ਿਲ੍ਹੇ ਦੇ ਪਿੰਡ ਗੁਧਵਾ ਵਿੱਚ ਹੋਇਆ ਸੀ। ਉਹ ਰਾਮ ਜਨਮ ਭੂਮੀ ਅੰਦੋਲਨ ਦੇ ਪ੍ਰਮੁੱਖ ਨੇਤਾਵਾਂ ਵਿੱਚੋਂ ਸਨ ਅਤੇ ਰਾਮ ਜਨਮ ਭੂਮੀ ਟਰੱਸਟ ਦੇ ਕਾਰਜਕਾਰੀ ਚੇਅਰਮੈਨ ਵੀ ਸਨ। ਉਹਨਾਂ ਨੇ 1996 ਵਿੱਚ ਉਤਰ ਪ੍ਰਦੇਸ਼ ਦੀ ਮਛਲੀਸ਼ਹਰ ਸੀਟ ਤੋਂ ਅਤੇ 12ਵੀਂ ਲੋਕਸਭਾ ਵਿੱਚ ਪ੍ਰਤਾਪਗੜ੍ਹ ਤੋਂ ਭਾਜਪਾ ਸੰਸਦ ਮੈਂਬਰ ਦੇ ਤੌਰ 'ਤੇ ਪ੍ਰਤਿਨਿਧਿਤਾ ਕੀਤੀ ਸੀ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਰਾਜਨੀਤਿਕ ਅਤੇ ਧਾਰਮਿਕ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ। ਜਿਸ ਦੌਰਾਨ ਕਈ ਸੀਨੀਅਰ ਆਗੂ, ਸੰਤ ਅਤੇ ਉਨ੍ਹਾਂ ਦੇ ਚੇਲੇ ਹਸਪਤਾਲ ਪੁੱਜੇ।



