ਸਿੱਧੀ (ਪਾਇਲ): ਸਿੱਧੀ ਜ਼ਿਲ੍ਹੇ 'ਚ ਰੇਲਵੇ ਨਿਰਮਾਣ ਦੇ ਕੰਮ ਨੂੰ ਲੈ ਕੇ ਇਕ ਵੱਡਾ ਇਲਜ਼ਾਮ ਸਾਹਮਣੇ ਆਇਆ ਹੈ। ਆਮ ਆਦਮੀ ਪਾਰਟੀ (ਆਪ) ਦੇ ਸੂਬਾ ਸਕੱਤਰ ਰਾਮਚਰਨ ਸੋਨੀ ਅਤੇ ਸੂਬਾ ਪ੍ਰਧਾਨ ਤੇ ਸਿੰਗਰੌਲੀ ਦੀ ਮੇਅਰ ਰਾਣੀ ਅਗਰਵਾਲ ਨੇ ਸੋਮਵਾਰ ਨੂੰ ਸਿੱਧੀ ਸ਼ਹਿਰ ਦੇ ਮਧੂਸੂਦਨ ਪੈਲੇਸ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਰੇਲਵੇ ਠੇਕੇਦਾਰਾਂ, ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਾਏ।
ਉਨ੍ਹਾਂ ਦਾਅਵਾ ਕੀਤਾ ਕਿ ਰੇਲਵੇ ਵੱਲੋਂ ਕੀਤੇ ਜਾ ਰਹੇ ਨਿਰਮਾਣ ਕਾਰਜਾਂ ਦੌਰਾਨ ਟਰੈਕਾਂ ਨੂੰ ਬਚਾਉਣ ਦੇ ਨਾਂ ’ਤੇ ਵੱਡੇ ਪੱਧਰ ’ਤੇ ਨਾਜਾਇਜ਼ ਮਾਈਨਿੰਗ ਕੀਤੀ ਗਈ ਅਤੇ ਖਣਿਜ ਵਿਭਾਗ ਦੀ ਕਰੀਬ 100 ਕਰੋੜ ਰੁਪਏ ਦੀ ਰਾਇਲਟੀ ਗਾਇਬ ਕਰ ਦਿੱਤੀ ਗਈ।
ਸੂਬਾ ਪ੍ਰਧਾਨ ਰਾਣੀ ਅਗਰਵਾਲ ਨੇ ਕਿਹਾ ਕਿ ਸਿੱਧੀ ਜ਼ਿਲ੍ਹੇ ਵਿੱਚ ਰੇਲਵੇ ਪ੍ਰੋਜੈਕਟਾਂ ਤਹਿਤ ਮਿੱਟੀ, ਗਾਰੇ ਅਤੇ ਹੋਰ ਖਣਿਜਾਂ ਦੀ ਨਾਜਾਇਜ਼ ਖੁਦਾਈ ਕੀਤੀ ਗਈ ਪਰ ਨਾ ਤਾਂ ਰਾਇਲਟੀ ਜਮ੍ਹਾਂ ਕਰਵਾਈ ਗਈ ਅਤੇ ਨਾ ਹੀ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਾਰੀ ਖੇਡ ਰੇਲਵੇ ਠੇਕੇਦਾਰਾਂ ਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਚੱਲ ਰਹੀ ਹੈ, ਜਿਨ੍ਹਾਂ ਵਿੱਚ ਜ਼ਿਲ੍ਹੇ ਦੇ ਕਈ ਅਧਿਕਾਰੀ ਤੇ ਕਰਮਚਾਰੀ ਵੀ ਸ਼ਾਮਲ ਹਨ।
‘ਆਪ’ ਆਗੂਆਂ ਨੇ ਕਿਹਾ ਕਿ ਪਾਰਟੀ ਵੱਲੋਂ ਇਸ ਮੁੱਦੇ ’ਤੇ ਕਈ ਵਾਰ ਧਰਨੇ ਦਿੱਤੇ ਜਾ ਚੁੱਕੇ ਹਨ ਅਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਸੌਂਪੇ ਗਏ ਹਨ ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਰਾਣੀ ਅਗਰਵਾਲ ਨੇ ਚੇਤਾਵਨੀ ਦਿੱਤੀ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੱਧ ਪ੍ਰਦੇਸ਼ ਸਰਕਾਰ ਨੇ ਜਲਦੀ ਹੀ ਬਣਦੀ ਕਾਰਵਾਈ ਨਾ ਕੀਤੀ ਤਾਂ ਰੇਲਵੇ ਠੇਕੇਦਾਰਾਂ ਅਤੇ ਜਿੰਮੇਵਾਰ ਅਧਿਕਾਰੀਆਂ 'ਤੇ ਜੁਰਮਾਨਾ ਅਤੇ ਕਾਨੂਨੀ ਕਾਰਵਾਈ ਨਹੀਂ ਕੀਤੀ ਜਾਂਦੀ, ਤਾਂ ਆਮ ਆਦਮੀ ਪਾਰਟੀ ਗੁੱਸੇ ਵਾਲੇ ਅੰਦੋਲਨ ਕਰਨ ਲਈ ਮਜਬੂਰ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਸਿਰਫ ਆਰਥਿਕ ਘੋਟਾਲਾ ਨਹੀਂ, ਬਲਕਿ ਜਨਤਾ ਦੇ ਹੱਕ ਦੀ ਖੁਲੀ ਲੁੱਟ ਹੈ।
ਸੂਬਾ ਸਕੱਤਰ ਰਾਮਚਰਨ ਸੋਨੀ ਨੇ ਪ੍ਰੈਸ ਕਾਨਫਰੰਸ ਵਿੱਚ ਹੋਰ ਵੀ ਗੰਭੀਰ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਸਿਆਸਤਦਾਨਾਂ ਨੂੰ ਰੇਲਵੇ ਠੇਕੇਦਾਰਾਂ ਅਤੇ ਅਧਿਕਾਰੀਆਂ ਵੱਲੋਂ ਪੈਸੇ ਨਾਲ ਭਰੇ ਬੈਗ ਦਿੱਤੇ ਜਾਂਦੇ ਹਨ, ਜਿਸ ਕਾਰਨ ਕਿਸੇ ਵੀ ਪੱਧਰ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਸੋਨੀ ਨੇ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਸਿਰਫ਼ ਅੰਦੋਲਨ ਕਰਨ ਤੱਕ ਹੀ ਸੀਮਤ ਨਹੀਂ ਰਹੇਗੀ ਸਗੋਂ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਉਹ ਹਾਈ ਕੋਰਟ ਤੱਕ ਪਹੁੰਚ ਕਰਕੇ ਇਨਸਾਫ਼ ਦੀ ਮੰਗ ਕਰਨਗੇ।



