ਅੰਮ੍ਰਿਤਸਰ (ਨੇਹਾ): ਸੁਲਤਾਨਵਿੰਡ ਪੁਲਿਸ ਥਾਣੇ ਦੇ ਅਧਿਕਾਰ ਖੇਤਰ ਵਿਚ ਪੈਂਦੀ ਨਹਿਰ ਵਿਚ ਬਲਜਿੰਦਰ ਸਿੰਘ (40) ਨੇ ਮੰਗਲਵਾਰ ਰਾਤ ਨੂੰ ਛਾਲ ਮਾਰ ਦਿੱਤੀ। ਦੋਸ਼ ਹੈ ਕਿ ਬਲਜਿੰਦਰ ਸਿੰਘ ਨੇ ਵਿਆਜ 'ਤੇ ਪੈਸੇ ਉਧਾਰ ਲਏ ਸਨ ਅਤੇ ਉਹ ਇਸ ਨੂੰ ਵਾਪਸ ਕਰਨ ਵਿਚ ਅਸਮਰੱਥ ਸੀ। ਇਸ ਕਾਰਨ ਉਹ ਪਿਛਲੇ ਕੁਝ ਮਹੀਨਿਆਂ ਤੋਂ ਕਾਫ਼ੀ ਪਰੇਸ਼ਾਨ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ। ਪੁਲਿਸ ਨੇ ਨਹਿਰ ਵਿਚ ਗੋਤਾਖੋਰਾਂ ਨੂੰ ਭੇਜਿਆ। ਹਾਲਾਕਿ 24 ਘੰਟੇ ਬਾਅਦ ਵੀ ਬਲਜਿੰਦਰ ਨਹੀਂ ਮਿਿਲਆ ਹੈ। ਏਐਸਆਈ ਹਰਜੀਤ ਸਿੰਘ ਨੇ ਦੱਸਿਆ ਕਿ ਭਾਲ ਜਾਰੀ ਹੈ।
ਸੁਲਤਾਨਵਿੰਡ ਰੋਡ ਦੇ ਰਹਿਣ ਵਾਲੇ ਰਣਜੀਤ ਸਿੰਘ ਨੇ ਕਿਹਾ ਕਿ ਉਸ ਦਾ ਵੱਡਾ ਭਰਾ ਬਲਜਿੰਦਰ ਸਿੰਘ ਕੁਝ ਸਮੇਂ ਤੋਂ ਪ੍ਰੇਸ਼ਾਨ ਸੀ। ਉਸ ਨੇ ਮੰਗਲਵਾਰ ਰਾਤ ਨੂੰ ਸੁਲਤਾਨਵਿੰਡ ਵਿਚ ਅੱਪਰ ਦੁਆਬ ਨਹਿਰ ਦੇ ਕੰਢੇ ਤੋਂ ਇਕ ਵੀਡੀਓ ਬਣਾਈ ਅਤੇ ਉਸ ਨੂੰ (ਰਣਜੀਤ ਸਿੰਘ) ਭੇਜਿਆ। ਬਲਜਿੰਦਰ ਸਿੰਘ ਨੇ ਵੀਡੀਓ ਵਿਚ ਦੱਸਿਆ ਕਿ ਉਹ ਕੁਝ ਲੋਕਾਂ ਵੱਲੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੋਂ ਪ੍ਰੇਸ਼ਾਨ ਹੈ। ਇਨ੍ਹਾਂ ਧਮਕੀਆਂ ਤੋਂ ਦੁਖੀ ਹੋ ਕੇ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ ਹੈ। ਜਦੋਂ ਉਹ ਆਪਣੇ ਭਰਾ ਨੂੰ ਬਚਾਉਣ ਲਈ ਨਹਿਰ 'ਤੇ ਪਹੁੰਚਿਆ ਤਾਂ ਉਸ ਨੂੰ ਬਲਜਿੰਦਰ ਸਿੰਘ ਦੀ ਜੈਕੇਟ ਅਤੇ ਮੋਬਾਈਲ ਫੋਨ ਉੱਥੇ ਪਿਆ ਮਿਿਲਆ। ਇਸ ਘਟਨਾ ਸਬੰਧੀ ਸੁਲਤਾਨਵਿੰਡ ਪੁਲਿਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਰਣਜੀਤ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ ਕਢਾਈ ਦਾ ਕੰਮ ਕਰਦਾ ਸੀ ਅਤੇ ਉਸ ਦੀਆਂ ਦੋ ਧੀਆਂ ਹਨ। ਉਸ ਨੇ ਕਈ ਲੋਕਾਂ ਤੋਂ ਵਿਆਜ 'ਤੇ ਪੈਸੇ ਉਧਾਰ ਲਏ ਸਨ, ਜਿਸ ਕਾਰਨ ਉਹ ਪ੍ਰੇਸ਼ਾਨ ਸੀ। ਉਹ ਪੈਸੇ ਵਾਪਸ ਕਰਨ ਵਿਚ ਅਸਮਰੱਥ ਸੀ ਅਤੇ ਵਿਆਜੜੀਏ ਹੁਣ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ। ਪਰਿਵਾਰ ਨੇ ਮੰਗ ਕੀਤੀ ਹੈ ਕਿ ਬਲਜਿੰਦਰ ਨੂੰ ਜਲਦੀ ਤੋਂ ਜਲਦੀ ਲੱਭਿਆ ਜਾਵੇ।

