ਫਰੀਦਕੋਟ (ਪਾਇਲ) : ਤੁਹਾਨੂੰ ਦੱਸ ਦਇਏ ਕਿ ਪਿੰਡ ਸੁੱਖਣਵਾਲਾ ਵਾਸੀ ਗੁਰਵਿੰਦਰ ਸਿੰਘ ਦੇ ਪ੍ਰੇਮ ਸੰਬੰਧਾਂ ਕਾਰਨ ਹੋਏ ਕਤਲ ਮਾਮਲੇ ਵਿਚ ਪੁਲਿਸ ਨੇ ਜਾਂਚ ਨੂੰ ਅੱਗੇ ਵਧਾਉਂਦਿਆਂ ਇਕ ਹੋਰ ਅਹਿਮ ਗ੍ਰਿਫ਼ਤਾਰੀ ਕੀਤੀ ਹੈ। ਇਸ ਸਬੰਧੀ ਡੀਐੱਸਪੀ ਤਰਲੋਚਨ ਸਿੰਘ ਅਤੇ ਥਾਣਾ ਮੁਖੀ ਸਦਰ ਰਾਜੇਸ਼ ਕੁਮਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਵੱਲੋਂ ਬੀਰਿੰਦਰ ਕੌਰ ਵਾਸੀ ਫਰੀਦਕੋਟ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਪਿੰਡ ਸੁੱਖਣਵਾਲਾ ਵਾਸੀ ਗੁਰਵਿੰਦਰ ਸਿੰਘ ਦਾ ਉਸਦੀ ਪਤਨੀ ਰੁਪਿੰਦਰ ਕੌਰ ਅਤੇ ਉਸਦੇ ਪ੍ਰੇਮੀ ਹਰਕੰਵਲਪ੍ਰੀਤ ਸਿੰਘ ਵਾਸੀ ਪਿੰਡ ਬੱਲੂਆਣਾ (ਬਠਿੰਡਾ) ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਮਾਮਲੇ ਦੀ ਤਫ਼ਤੀਸ਼ ਦੌਰਾਨ ਇਕ ਹੋਰ ਸਾਥੀ ਵਿਸ਼ਵਦੀਪ ਦਾ ਨਾਮ ਵੀ ਸਾਹਮਣੇ ਆਇਆ, ਜਿਸ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਤਰ੍ਹਾਂ ਇਸ ਮਾਮਲੇ ਵਿਚ ਹੁਣ ਤੱਕ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਾ ਚੁੱਕਾ ਹੈ, ਜਿੱਥੋਂ ਮਾਣਯੋਗ ਅਦਾਲਤ ਵੱਲੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਮਾਮਲੇ ਦੀ ਤਫ਼ਤੀਸ਼ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਕਤਲ ਸਬੰਧੀ ਅਹਿਮ ਜਾਣਕਾਰੀ ਰੁਪਿੰਦਰ ਕੌਰ ਵੱਲੋਂ ਉਸਦੀ ਸਹੇਲੀ ਬੀਰਿੰਦਰ ਕੌਰ ਨੂੰ ਦਿੱਤੀ ਗਈ ਸੀ। ਦੋਵੇਂ ਆਪਸ ਵਿਚ ਸਹੇਲੀਆਂ ਸਨ, ਜਿਸ ਕਾਰਨ ਕਤਲ ਨਾਲ ਜੁੜੀਆਂ ਗੱਲਾਂ ਬੀਰਿੰਦਰ ਕੌਰ ਤੱਕ ਪਹੁੰਚੀਆਂ ਸਨ। ਪੁਲਿਸ ਅਨੁਸਾਰ ਜੇਕਰ ਇਸ ਦੌਰਾਨ ਬੀਰਿੰਦਰ ਕੌਰ ਵੱਲੋਂ ਸਮੇਂ ਸਿਰ ਇਸ ਕਤਲ ਸਬੰਧੀ ਜਾਣਕਾਰੀ ਪੁਲਸ ਜਾਂ ਮ੍ਰਿਤਕ ਦੇ ਪਰਿਵਾਰ ਨਾਲ ਸਾਂਝੀ ਕੀਤੀ ਜਾਂਦੀ ਤਾਂ ਸੰਭਵ ਹੈ ਕਿ ਇਹ ਕਤਲ ਦੀ ਵਾਰਦਾਤ ਟਾਲੀ ਜਾ ਸਕਦੀ ਸੀ।
ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਬੀਰਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਮਾਮਲੇ ਦੀ ਜਾਂਚ ਲਗਾਤਾਰ ਜਾਰੀ ਹੈ ਅਤੇ ਜੇਕਰ ਇਸ ਕਤਲ ਮਾਮਲੇ ਵਿਚ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।



