ਝਨੇੜੀ (ਪਾਇਲ): ਨੇੜਲੇ ਪਿੰਡ ਝਨੇੜੀ ਵਿਖੇ ਅੱਜ ਆਰਥਿਕ ਤੰਗੀ ਅਤੇ ਕਰਜ਼ੇ ਦੇ ਭਾਰ ਤੋਂ ਪ੍ਰੇਸ਼ਾਨ ਮਜ਼ਦੂਰੀ ਦਾ ਕੰਮ ਕਰਦੇ ਇਕ ਗਰੀਬ ਵਿਅਕਤੀ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੈੱਕ ਪੋਸਟ ਘਰਾਚੋਂ ਦੇ ਹੈੱਡ ਕਾਂਸਟੇਬਲ ਜੈਬਰਾਨੰਦ ਨੇ ਦੱਸਿਆ ਕਿ ਮ੍ਰਿਤਕ ਸਿਤਾਰ ਮੁਹੰਮਦ ਦੇ ਛੋਟੇ ਭਰਾ ਯਾਕਿਰ ਖ਼ਾਨ ਪੁੱਤਰ ਮੁਹੰਮਦ ਸਦੀਕ ਵਾਸੀ ਪਿੰਡ ਝਨੇੜੀ ਨੇ ਪੁਲਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਸ ਦਾ ਵੱਡਾ ਭਰਾ ਸਿਤਾਰ ਮੁਹੰਮਦ ਉਮਰ 62 ਸਾਲ ਜੋ ਕਿ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ।
ਉਹ ਰੋਜ਼ਾਨਾ ਸਵੇਰੇ ਸੈਰ ਕਰਨ ਲਈ ਘਰੋਂ ਬਾਹਰ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਆਰਥਿਕ ਤੰਗੀ ਕਾਰਨ ਉਸ ਦੇ ਭਰਾ ਦੇ ਸਿਰ ਕਰਜ਼ੇ ਦਾ ਭਾਰ ਹੋਣ ਕਾਰਨ ਉਹ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ। ਉਨ੍ਹਾਂ ਦੱਸਿਆ ਇਸੇ ਪ੍ਰੇਸ਼ਾਨੀ ਦੇ ਚਲਦਿਆਂ ਅੱਜ ਸਵੇਰੇ ਜਦੋਂ ਉਸ ਦਾ ਭਰਾ ਘਰੋਂ ਸੈਰ ਕਰਨ ਲਈ ਪਿੰਡ ਤੋਂ ਪਿੰਡ ਬਟਰਿਆਣਾ ਨੂੰ ਜਾਂਦੀ ਸੜਕ ਵੱਲ ਗਿਆ ਤਾਂ ਉੱਥੇ ਉਸ ਨੇ ਆਪਣੇ ਪਰਨੇ ਦੀ ਮੱਦਦ ਨਾਲ ਸੜਕ ਕਿਨਾਰੇ ਇਕ ਦਰਖ਼ਤ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ।
ਇੱਥੋਂ ਲੰਘ ਰਹੇ ਰਾਹਗੀਰਾਂ ਨੇ ਜਦੋਂ ਸਿਤਾਰ ਮੁਹੰਮਦ ਦੀ ਦਰਖ਼ਤ ਨਾਲ ਲਟਕਦੀ ਲਾਸ਼ ਦੇਖੀ ਤਾਂ ਉਨ੍ਹਾਂ ਇਸ ਦੀ ਸੂਚਨਾ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਤੇ ਪਰਿਵਾਰਕ ਮੈਂਬਰਾਂ ਨੇ ਮੌਕੇ ’ਤੇ ਪਹੁੰਚ ਕੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈਂਦਿਆਂ 174 ਦੀ ਕਾਰਵਾਈ ਕਰਨ ਤੋਂ ਬਾਅਦ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ। ਪਿੰਡ ਵਾਸੀਆਂ ਨੇ ਇਸ ਘਟਨਾ ਉਪਰ ਗਹਿਰੇ ਦੁਖ ਦਾ ਪ੍ਰਗਟਾਵਾਂ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਉਸ ਦੇ ਕਰਜੇ ਨੂੰ ਮਾਫ ਕੀਤਾ ਜਾਵੇ ਅਤੇ ਪਰਿਵਾਰ ਦੀ ਵੱਧ ਤੋਂ ਵੱਧ ਆਰਥਕਿ ਮੱਦਦ ਕੀਤੀ ਜਾਵੇ।
