ਮੁਕਤਸਰ (ਪਾਇਲ): ਤੁਹਾਨੂੰ ਦੱਸ ਦਇਏ ਕਿ ਮੁਕਤਸਰ ਜ਼ਿਲ੍ਹੇ ਦੇ ਪਿੰਡ ਵੜਿੰਗ ਦੇ ਰਹਿਣ ਵਾਲੇ ਅੰਮ੍ਰਿਤਧਾਰੀ ਸਿੱਖ ਵਕੀਲ ਪ੍ਰਭਜੋਤ ਸਿੰਘ ਨੇ ਕੈਨੇਡਾ 'ਚ ਇਤਿਹਾਸਕ ਕਾਨੂੰਨੀ ਲੜਾਈ ਜਿੱਤ ਲਈ ਹੈ। ਪ੍ਰਭਜੋਤ ਸਿੰਘ ਨੇ ਕਿੰਗ ਚਾਰਲਸ ਤੀਜੇ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕਣ ਤੋਂ ਇਨਕਾਰ ਕਰ ਦਿੱਤਾ ਅਤੇ 2022 ਵਿੱਚ ਅਦਾਲਤ ਵਿੱਚ ਸਹੁੰ ਨੂੰ ਚੁਣੌਤੀ ਦਿੱਤੀ। ਤਿੰਨ ਸਾਲਾਂ ਦੀ ਲੜਾਈ ਤੋਂ ਬਾਅਦ, ਅਲਬਰਟਾ ਸਰਕਾਰ ਨੂੰ ਆਖਰਕਾਰ ਆਪਣੇ ਕਾਨੂੰਨ ਵਿੱਚ ਤਬਦੀਲੀਆਂ ਕਰਨੀਆਂ ਪਈਆਂ।
ਜਾਣਕਾਰੀ ਅਨੁਸਾਰ ਪ੍ਰਭਜੋਤ ਸਿੰਘ ਐਡਮਿੰਟਨ (ਅਲਬਰਟਾ) ਵਿੱਚ ਰਹਿ ਰਿਹਾ ਹੈ। ਉਸਨੇ ਡਲਹੌਜ਼ੀ ਯੂਨੀਵਰਸਿਟੀ ਤੋਂ ਆਪਣੀ ਕਾਨੂੰਨ ਦੀ ਪੜ੍ਹਾਈ ਪੂਰੀ ਕੀਤੀ ਅਤੇ ਅਲਬਰਟਾ ਵਿੱਚ ਕਾਨੂੰਨ ਦਾ ਅਭਿਆਸ ਸ਼ੁਰੂ ਕਰਨ ਦੀ ਪ੍ਰਕਿਰਿਆ ਵਿੱਚ ਸੀ।
ਇਸ ਦੌਰਾਨ ਨਿਯਮਾਂ ਅਨੁਸਾਰ, ਉਸਨੂੰ ਕੈਨੇਡਾ ਦੇ ਮੌਜੂਦਾ ਰਾਜਾ, ਕਿੰਗ ਚਾਰਲਸ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕਣੀ ਪਈ। ਜਦ ਕਿ ਪ੍ਰਭਜੋਤ ਨੇ ਇਹ ਕਹਿ ਕੇ ਸਹੁੰ ਚੁੱਕਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਅੰਮ੍ਰਿਤਧਾਰੀ ਸਿੱਖ ਹੈ ਅਤੇ ਇਸ ਤਰ੍ਹਾਂ ਉਹ ਕੇਵਲ ਅਕਾਲ ਪੁਰਖ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕ ਸਕਦਾ ਹੈ।
ਦੱਸ ਦਇਏ ਕਿ ਸਿੱਖ ਮਰਿਆਦਾ ਅਨੁਸਾਰ ਕਿਸੇ ਵੀ ਦੁਨਿਆਵੀ ਹਾਕਮ ਨਾਲ ਸੱਚੀ ਵਫ਼ਾਦਾਰੀ ਦੀ ਸਹੁੰ ਚੁੱਕਣਾ ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਦੇ ਵਿਰੁੱਧ ਹੈ।
ਇਸ ਤੋਂ ਬਾਅਦ ਪ੍ਰਭਜੋਤ ਸਿੰਘ ਨੇ 2022 ਵਿੱਚ ਇਸ ਨਿਯਮ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ। ਉਹਨਾਂ ਨੇ ਦਲੀਲ ਦਿੱਤੀ ਕਿ ਇਹ ਸ਼ਰਤ ਉਹਨਾਂ ਨੂੰ ਧਰਮ ਅਤੇ ਪੇਸ਼ੇ ਵਿੱਚੋਂ ਕਿਸੇ ਇੱਕ ਦੀ ਚੋਣ ਕਰਨ ਲਈ ਮਜ਼ਬੂਰ ਕਰਦੀ ਹੈ, ਜੋ ਕਿ ਕੈਨੇਡੀਅਨ ਚਾਰਟਰ ਆਫ਼ ਰਾਈਟਸ ਐਂਡ ਫਰੀਡਮਜ਼ ਦੇ ਤਹਿਤ ਗਾਰੰਟੀਸ਼ੁਦਾ ਧਾਰਮਿਕ ਆਜ਼ਾਦੀ ਦੀ ਉਲੰਘਣਾ ਹੈ। ਹੇਠਲੀ ਅਦਾਲਤ ਨੇ 2023 ਵਿੱਚ ਸਹੁੰ ਨੂੰ ਪ੍ਰਤੀਕਾਤਮਕ ਦੱਸਦਿਆਂ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਪਰ ਪ੍ਰਭਜੋਤ ਨੇ ਹਾਰ ਨਹੀਂ ਮੰਨੀ ਅਤੇ ਅਲਬਰਟਾ ਕੋਰਟ ਆਫ ਅਪੀਲ ਵਿੱਚ ਅਪੀਲ ਦਾਇਰ ਕੀਤੀ।
ਦੱਸਿਆ ਜਾਂਦਾ ਹੈ ਕਿ ਦਸੰਬਰ 2025 ਵਿੱਚ, ਅਲਬਰਟਾ ਕੋਰਟ ਆਫ ਅਪੀਲ ਦੇ ਤਿੰਨ ਜੱਜਾਂ ਦੇ ਬੈਂਚ ਨੇ ਸਰਬਸੰਮਤੀ ਨਾਲ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟ ਦਿੱਤਾ। ਅਦਾਲਤ ਨੇ ਕਿਹਾ ਕਿ ਸਹੁੰ ਸਿਰਫ਼ ਪ੍ਰਤੀਕਾਤਮਕ ਨਹੀਂ ਹੈ ਸਗੋਂ ਇਹ ਪ੍ਰਭਜੋਤ ਸਿੰਘ 'ਤੇ ਅਸਲ ਅਤੇ ਗੰਭੀਰ ਦਬਾਅ ਪਾਉਂਦੀ ਹੈ। ਅਦਾਲਤ ਨੇ ਇਸ ਨੂੰ ਚਾਰਟਰ ਦੀ ਧਾਰਾ 2(ਏ) ਤਹਿਤ ਧਰਮ ਦੀ ਆਜ਼ਾਦੀ ਦੀ ਉਲੰਘਣਾ ਮੰਨਿਆ। ਅਦਾਲਤ ਨੇ ਸੂਬੇ ਨੂੰ 60 ਦਿਨਾਂ ਦੇ ਅੰਦਰ ਨਿਯਮਾਂ ਵਿੱਚ ਸੋਧ ਕਰਨ ਦਾ ਹੁਕਮ ਦਿੱਤਾ ਹੈ।

