ਪਟਨਾ (ਪਾਇਲ): ਬਿਹਾਰ 'ਚ ਕਾਨੂੰਨ ਵਿਵਸਥਾ 'ਤੇ ਉੱਠ ਰਹੇ ਸਵਾਲਾਂ ਵਿਚਾਲੇ ਅਪਰਾਧੀਆਂ ਨੇ ਇਕ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਸਮਸਤੀਪੁਰ ਜ਼ਿਲੇ 'ਚ ਬੁੱਧਵਾਰ ਸ਼ਾਮ ਨੂੰ ਬਾਈਕ ਸਵਾਰ ਬਦਮਾਸ਼ਾਂ ਨੇ ਭਾਜਪਾ ਦੇ ਇਕ ਸਥਾਨਕ ਨੇਤਾ ਨੂੰ ਉਸ ਦੇ ਘਰ ਦੇ ਬਾਹਰ ਅੰਨ੍ਹੇਵਾਹ ਗੋਲੀਆਂ ਚਲਾ ਕੇ ਮਾਰ ਦਿੱਤਾ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ ਹੈ ਅਤੇ ਸਥਾਨਕ ਲੋਕਾਂ 'ਚ ਭਾਰੀ ਗੁੱਸਾ ਹੈ।
ਮ੍ਰਿਤਕ ਦੀ ਪਛਾਣ 30 ਸਾਲਾ ਰੂਪਕ ਕੁਮਾਰ ਵਜੋਂ ਹੋਈ ਹੈ, ਜੋ ਭਾਜਪਾ ਦਾ ਬੂਥ ਪ੍ਰਧਾਨ ਸੀ। ਜਾਣਕਾਰੀ ਮੁਤਾਬਕ ਰੂਪਕ ਬੁੱਧਵਾਰ ਸ਼ਾਮ ਖਾਨਪੁਰ ਥਾਣਾ ਖੇਤਰ ਦੇ ਸ਼ਾਦੀਪੁਰ ਘਾਟ ਸਥਿਤ ਆਪਣੇ ਘਰ ਦੇ ਬਾਹਰ ਟਹਿਲ ਰਿਹਾ ਸੀ।
ਇਸ ਦੌਰਾਨ ਦੋ ਬਾਈਕ 'ਤੇ ਸਵਾਰ ਚਾਰ ਨਕਾਬਪੋਸ਼ ਬਦਮਾਸ਼ ਉੱਥੇ ਪਹੁੰਚੇ ਅਤੇ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਰੂਪਕ ਨੂੰ ਤਿੰਨ ਤੋਂ ਵੱਧ ਗੋਲੀਆਂ ਲੱਗੀਆਂ। ਪਰਿਵਾਰ ਵਾਲੇ ਉਸ ਨੂੰ ਤੁਰੰਤ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਪੱਪੂ ਚੌਧਰੀ ਨਾਂ ਦੇ ਵਿਅਕਤੀ 'ਤੇ ਕਤਲ ਦਾ ਦੋਸ਼ ਲਗਾਇਆ ਹੈ, ਜੋ ਜਨਤਾ ਦਲ ਯੂਨਾਈਟਿਡ (ਜੇਡੀਯੂ) ਨਾਲ ਸਬੰਧਤ ਦੱਸਿਆ ਜਾਂਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਰੂਪਕ ਦਾ ਪੱਪੂ ਚੌਧਰੀ ਨਾਲ ਪੁਰਾਣਾ ਝਗੜਾ ਚੱਲ ਰਿਹਾ ਸੀ। ਘਟਨਾ ਦੇ ਬਾਅਦ ਤੋਂ ਦੋਸ਼ੀ ਫਰਾਰ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐੱਸਪੀ ਅਰਵਿੰਦ ਪ੍ਰਤਾਪ ਸਿੰਘ ਨੇ ਦੇਰ ਰਾਤ ਮੌਕੇ ਦਾ ਦੌਰਾ ਕੀਤਾ ਅਤੇ ਖਾਨਪੁਰ ਥਾਣਾ ਇੰਚਾਰਜ ਰਣਜੀਤ ਚੌਧਰੀ ਨੂੰ ਕੰਮ 'ਚ ਲਾਪ੍ਰਵਾਹੀ ਦੇ ਦੋਸ਼ 'ਚ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ।
ਰੂਪਕ ਦਾ ਪਰਿਵਾਰ ਭਾਜਪਾ ਨਾਲ ਸਰਗਰਮੀ ਨਾਲ ਜੁੜਿਆ ਹੋਇਆ ਹੈ; ਉਸ ਦਾ ਭਰਾ ਦੀਪਕ ਸਾਹਨੀ ਬਲਾਕ ਭਾਜਪਾ ਕਮੇਟੀ ਵਿੱਚ ਮੀਡੀਆ ਇੰਚਾਰਜ ਹੈ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਕਤਲ ਸਿਰਫ਼ ਨਿੱਜੀ ਰੰਜਿਸ਼ ਦਾ ਨਤੀਜਾ ਹੈ ਜਾਂ ਇਸ ਪਿੱਛੇ ਕੋਈ ਡੂੰਘੀ ਸਿਆਸੀ ਸਾਜ਼ਿਸ਼ ਹੈ।



