ਯੇਰੂਸ਼ਲਮ (ਪਾਇਲ): ਯੂਰਪ 'ਚ ਹਮਾਸ ਦੇ ਢਾਂਚੇ ਨੂੰ ਵੱਡਾ ਝਟਕਾ ਦਿੰਦੇ ਹੋਏ ਇਜ਼ਰਾਇਲੀ ਸਰਕਾਰ ਨੇ ਐਤਵਾਰ ਨੂੰ ਖੁਲਾਸਾ ਕੀਤਾ ਕਿ ਇਜ਼ਰਾਈਲ ਦੀ ਖੁਫੀਆ ਅਤੇ ਤਕਨੀਕੀ ਮਦਦ ਨਾਲ ਹਮਾਸ ਦੇ ਚੋਟੀ ਦੇ ਨੇਤਾ ਮੁਹੰਮਦ ਹਨੂਨ ਅਤੇ ਸੰਗਠਨ ਨਾਲ ਜੁੜੇ ਛੇ ਹੋਰ ਸੀਨੀਅਰ ਲੋਕਾਂ ਨੂੰ ਇਟਲੀ ਵਿਚ ਗ੍ਰਿਫਤਾਰ ਕੀਤਾ ਗਿਆ ਹੈ।
ਇਜ਼ਰਾਈਲੀ ਸਰਕਾਰ ਮੁਤਾਬਕ ਇਹ ਕਾਰਵਾਈ ਯੂਰਪ ਵਿੱਚ ਹਮਾਸ ਦੇ ਅੱਤਵਾਦੀ ਅਤੇ ਵਿੱਤੀ ਨੈੱਟਵਰਕ ਦੇ ਖਿਲਾਫ ਇੱਕ ਵੱਡਾ ਝਟਕਾ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ ਯੂਰਪ ਵਿੱਚ ਹਮਾਸ ਲੀਡਰਸ਼ਿਪ ਦਾ ਇੱਕ ਸੀਨੀਅਰ ਮੈਂਬਰ ਅਤੇ ਮਹਾਂਦੀਪ ਪੱਧਰੀ ਲੀਡਰਸ਼ਿਪ ਨਾਲ ਜੁੜਿਆ ਇੱਕ ਹੋਰ ਪ੍ਰਮੁੱਖ ਚਿਹਰਾ ਵੀ ਸ਼ਾਮਲ ਹੈ।
ਸੰਯੁਕਤ ਕਾਰਵਾਈ ਵਿੱਚ ਇਜ਼ਰਾਈਲ ਦੇ ਰੱਖਿਆ ਮੰਤਰਾਲੇ ਦੇ ਅਧੀਨ ਆਰਥਿਕ ਕਾਊਂਟਰ ਟੈਰੋਰਿਜ਼ਮ ਹੈੱਡਕੁਆਰਟਰ (ECT), ਇਜ਼ਰਾਈਲ ਪੁਲਿਸ ਇੰਟੈਲੀਜੈਂਸ/ਸੀਈਓ ਡਿਵੀਜ਼ਨ, ਇਜ਼ਰਾਈਲ ਡਿਫੈਂਸ ਫੋਰਸਿਜ਼ (IDF) ਖੁਫੀਆ ਯੂਨਿਟ, ਅਤੇ ਸ਼ਿਨ ਬੇਟ (ਇਜ਼ਰਾਈਲ ਦੀ ਅੰਦਰੂਨੀ ਸੁਰੱਖਿਆ ਏਜੰਸੀ) ਸ਼ਾਮਲ ਸਨ। ਇਨ੍ਹਾਂ ਏਜੰਸੀਆਂ ਨੇ ਆਪਸੀ ਸਹਿਮਤੀ ਵਾਲੇ ਅਧਿਕਾਰਤ ਚੈਨਲਾਂ ਰਾਹੀਂ ਇਤਾਲਵੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਮਹੱਤਵਪੂਰਣ ਜਾਣਕਾਰੀ ਅਤੇ ਸਬੂਤ ਸੌਂਪੇ।
ਇਟਾਲੀਅਨ ਏਜੰਸੀਆਂ ਨੇ ਕਾਰਵਾਈ ਦੌਰਾਨ ਨਕਦੀ, ਜਾਇਦਾਦ ਅਤੇ ਹੋਰ ਵਿੱਤੀ ਸਰੋਤ ਜ਼ਬਤ ਕੀਤੇ। ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਦੋਸ਼ੀ ਐਲਾਨੇ ਗਏ ਅੱਤਵਾਦੀ ਸੰਗਠਨ ਹਮਾਸ ਦੇ ਫੌਜੀ ਅਤੇ ਨਾਗਰਿਕ ਵਿੰਗਾਂ ਨੂੰ ਯੋਜਨਾਬੱਧ ਤਰੀਕੇ ਨਾਲ ਪੈਸੇ ਭੇਜ ਰਹੇ ਸਨ।
ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਕਿਹਾ, “ਹਮਾਸ ਦੇ ਅੱਤਵਾਦੀਆਂ ਅਤੇ ਇਜ਼ਰਾਈਲ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਲਈ ਨਾ ਤਾਂ ਮੱਧ ਪੂਰਬ ਅਤੇ ਨਾ ਹੀ ਯੂਰਪ ਵਿੱਚ ਕੋਈ ਸੁਰੱਖਿਅਤ ਪਨਾਹਗਾਹ ਹੈ। ਜਿਹੜੇ ਲੋਕ ਵਿਦੇਸ਼ਾਂ ਵਿਚ ਲੁਕ ਕੇ ਅੱਤਵਾਦ ਨੂੰ ਫੰਡ ਦੇਣ ਬਾਰੇ ਸੋਚਦੇ ਹਨ, ਉਹ ਬੁਰੀ ਤਰ੍ਹਾਂ ਭਰਮ ਵਿਚ ਹਨ।" ਫਿਲਹਾਲ ਇਟਲੀ ਵਿਚ ਜਾਂਚ ਦੀ ਪ੍ਰਕਿਰਿਆ ਜਾਰੀ ਹੈ ਅਤੇ ਹੋਰ ਗ੍ਰਿਫਤਾਰੀਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਗਿਆ ਹੈ।



