ਜੰਡੂ ਸਿੰਘਾ : ਪਿੰਡ ਲੇਸੜੀਵਾਲ ਵਿਖੇ ਇਕ ਨੌਜਵਾਨ ਵੱਲੋਂ ਆਪਣੀ ਸਕੀ ਮਾਂ (55 ਸਾਲ) ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜੰਡੂ ਸਿੰਘਾ ਪੁਲਿਸ ਨੇ ਦੋਸ਼ੀ ਨੂੰ ਮੌਕੇ 'ਤੇ ਕਾਬੂ ਕਰ ਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਐੱਸਆਈ ਬਲਜਿੰਦਰ ਸਿੰਘ ਭਲਵਾਨ ਨੇ ਦੱਸਿਆ ਕਿ ਪਿੰਡ ਲੇਸੜੀਵਾਲ ਦੀ ਪੀੜਤ ਔਰਤ ਵਲੋਂ ਜੰਡੂ ਸਿੰਘਾ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਕਰੀਬ 14 ਸਾਲ ਪਹਿਲਾਂ ਹੋ ਚੁੱਕੀ ਹੈ। ਉਹ ਆਪਣੇ ਪੁੱਤਰ ਸੰਦੀਪ ਨਾਲ ਹੀ ਰਹਿੰਦੀ ਹੈ ਜੋ ਕਿ 27 ਮਈ ਦੀ ਰਾਤ ਨੂੰ ਰੋਟੀ ਖਾ ਕੇ ਆਪਣੇ ਕਮਰੇ ਵਿਚ ਸੌਂ ਗਿਆ ਅਤੇ ਉਹ ਵਰਾਂਡੇ 'ਚ। ਕਰੀਬ ਰਾਤ 11 ਵਜੇ ਮੇਰੇ ਲੜਕੇ ਸੰਦੀਪ ਨੇ ਰੌਲਾ ਪਾ ਦਿੱਤਾ ਕਿ ਕਮਰੇ ਅੰਦਰ ਕੋਈ ਵਿਅਕਤੀ ਆ ਗਿਆ ਹੈ ਜੋ ਕਿ ਸੋਟਰ ਵਿਚ ਲੁਕਿਆ ਹੋਇਆ ਹੈ।

ਔਰਤ ਨੇ ਜਦ ਸਟੋਰ 'ਚ ਜਾ ਕੇ ਦੇਖਿਆ ਤਾਂ ਕਮਰੇ ਵਿਚ ਕੋਈ ਵੀ ਨਹੀਂ ਸੀ ਤੇ ਸੰਦੀਪ ਨੇ ਉੱਥੇ ਹੀ ਉਸ ਨਾਲ ਜ਼ਬਰਦਸਤੀ ਕੀਤੀ। ਉਸ ਨੇ ਕੁੱਟਮਾਰ ਵੀ ਕੀਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਪੀੜਤ ਔਰਤ ਨੇ ਕਿਹਾ ਕਿ ਰਾਤ 2 ਵਜੇ ਗੁਆਂਢੀ ਪੰਚ ਕਸ਼ਮੀਰੀ ਲਾਲ ਨੂੰ ਜਾ ਕੇ ਸਾਰੀ ਘਟਨਾ ਬਾਰੇ ਦੱਸਿਆ ਜਿਸ ਨੇ ਉਸ ਨੂੰ ਸਿਵਲ ਹਸਪਤਾਲ ਆਦਮਪੁਰ ਵਿਖੇ ਇਲਾਜ ਵਾਸਤੇ ਦਾਖਲ ਕਰਵਾਇਆ। ਮੁਲਜ਼ਮ ਸੰਦੀਪ ਨੂੰ ਜੰਡੂ ਸਿੰਘਾ ਪੁਲਿਸ ਦੇ ਐੱਸਆਈ ਬਲਜਿੰਦਰ ਸਿੰਘ ਭਲਵਾਨ ਨੇ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਹੈ ਜਿਸ ਨੂੰ ਬੁੱਧਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਐੱਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਸੰਦੀਪ ਨਸ਼ੇ ਕਰਨ ਦਾ ਆਦੀ ਹੈ।



