ਵਾਸ਼ਿੰਗਟਨ (ਨੇਹਾ): ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਅਣਕਿਆਸੀਆਂ ਅਤੇ ਸਖ਼ਤ ਵਪਾਰਕ ਨੀਤੀਆਂ ਤੋਂ ਤੰਗ ਆ ਕੇ ਅਮਰੀਕਾ ਦੇ ਪ੍ਰਮੁੱਖ ਵਪਾਰਕ ਭਾਈਵਾਲ ਹੁਣ ਨਵੇਂ ਰਸਤੇ ਤਲਾਸ਼ ਰਹੇ ਹਨ। ਸ਼ੁੱਕਰਵਾਰ ਨੂੰ ਕੈਨੇਡਾ ਨੇ ਚੀਨ ਤੋਂ ਆਉਣ ਵਾਲੀਆਂ ਇਲੈਕਟ੍ਰਿਕ ਵਾਹਨਾਂ (ਈ ਵੀ) ’ਤੇ ਲਾਇਆ 100 ਫੀਸਦੀ ਦਰਾਮਦ ਟੈਕਸ ਘਟਾ ਕੇ ਮਹਿਜ਼ 6.1 ਫੀਸਦੀ ਕਰ ਦਿੱਤਾ ਹੈ। ਹਾਲਾਂਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਨੁਸਾਰ ਇਹ ਛੋਟ ਸੀਮਤ ਹੈ। ਇਸ ਤਹਿਤ ਫਿਲਹਾਲ ਸਾਲਾਨਾ 49,000 ਗੱਡੀਆਂ ਹੀ ਮੰਗਵਾਈਆਂ ਜਾ ਸਕਣਗੀਆਂ, ਪਰ ਪੰਜ ਸਾਲਾਂ ਵਿੱਚ ਇਹ ਗਿਣਤੀ ਵਧਾ ਕੇ 70,000 ਕਰ ਦਿੱਤੀ ਜਾਵੇਗੀ। ਇਸ ਬਦਲੇ ਚੀਨ ਨੇ ਕੈਨੇਡਾ ਦੇ ਖੇਤੀ ਉਤਪਾਦਾਂ, ਖਾਸਕਰ ਕੈਨੋਲਾ ਬੀਜਾਂ ’ਤੇ ਲੱਗਣ ਵਾਲੀ ਡਿਊਟੀ 84 ਫੀਸਦੀ ਤੋਂ ਘਟਾ ਕੇ 15 ਫੀਸਦੀ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕਾਰਨੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸ਼ੁੱਕਰਵਾਰ ਨੂੰ ਪੇਈਚਿੰਗ ਵਿੱਚ ਮੁਲਾਕਾਤ ਦੌਰਾਨ ਸਾਲਾਂ ਦੀ ਕੁੜੱਤਣ ਭੁਲਾ ਕੇ ਆਪਸੀ ਰਿਸ਼ਤੇ ਸੁਧਾਰਨ ਦਾ ਅਹਿਦ ਲਿਆ ਸੀ।
ਮਾਹਿਰਾਂ ਮੁਤਾਬਕ ਕੈਨੇਡਾ ਹੁਣ ਅਮਰੀਕਾ ਦੀ ਬਜਾਏ ਚੀਨ ਨਾਲ ਸਬੰਧ ਸੁਧਾਰਨ ਨੂੰ ਤਰਜੀਹ ਦੇ ਰਿਹਾ ਹੈ, ਹਾਲਾਂਕਿ ਇਸ ਨਾਲ ਅਮਰੀਕਾ ਨਾਰਾਜ਼ ਹੋ ਸਕਦਾ ਹੈ। ਟਰੰਪ ਪਹਿਲਾਂ ਹੀ ਕੈਨੇਡਾ ਦੀਆਂ ਕੁਝ ਨੀਤੀਆਂ ਖਿਲਾਫ਼ ਸਖਤ ਰੁਖ ਅਪਣਾ ਚੁੱਕੇ ਹਨ ਅਤੇ ਸਟੀਲ ਤੇ ਐਲੂਮੀਨੀਅਮ ’ਤੇ ਟੈਰਿਫ ਲਾ ਚੁੱਕੇ ਹਨ। ਚੀਨ ਨਾਲ ਹੋਇਆ ਸਮਝੌਤਾ ਕੈਨੇਡਾ ਦੇ ਕਿਸਾਨਾਂ ਲਈ ਭਾਵੇਂ ਵਰਦਾਨ ਸਾਬਤ ਹੋ ਸਕਦਾ ਹੈ ਪਰ ਕੈਨੇਡਾ ਦਾ ਆਟੋ ਉਦਯੋਗ ਇਸ ਤੋਂ ਚਿੰਤਤ ਹੈ। ਇਹ ਸਮਝੌਤਾ ਅਮਰੀਕਾ-ਮੈਕਸੀਕੋ-ਕੈਨੇਡਾ ਸਮਝੌਤੇ ਦੀ ਨਵਿਆਉਣ ਪ੍ਰਕਿਰਿਆ ਵਿੱਚ ਵੀ ਅੜਿੱਕਾ ਬਣ ਸਕਦਾ ਹੈ।



