ਲੰਡਨ (ਪਾਇਲ): ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਪਣੀਆਂ ਟਿੱਪਣੀਆਂ ਲਈ ਮੁਆਫੀ ਮੰਗਣ। ਟਰੰਪ ਨੇ ਕਿਹਾ ਸੀ ਕਿ ਅਫਗਾਨਿਸਤਾਨ ਖ਼ਿਲਾਫ ਜੰਗ ਦੌਰਾਨ ਨਾਟੋ ਦੇਸ਼ਾਂ ਦੇ ਫੌਜੀ ਜੰਗ ਦੌਰਾਨ ਫਰੰਟ ਲਾਈਨ ਤੋਂ ਦੂਰ ਰਹੇ ਜਦਕਿ ਅਮਰੀਕੀ ਫੌਜੀ ਸਭ ਤੋਂ ਅੱਗੇ ਰਹੇ ਸਨ। ਸਟਾਰਮਰ ਨੇ ਕਿਹਾ, ‘ਮੈਂ ਨਾਟੋ ਫੌਜੀਆਂ ਦੀ ਹਿੰਮਤ, ਉਨ੍ਹਾਂ ਦੀ ਬਹਾਦਰੀ ਅਤੇ ਉਨ੍ਹਾਂ ਦੀ ਦੇਸ਼ ਲਈ ਕੁਰਬਾਨੀ ਨੂੰ ਕਦੇ ਨਹੀਂ ਭੁੱਲਾਂਗਾ। ਮੈਂ ਰਾਸ਼ਟਰਪਤੀ ਟਰੰਪ ਦੀਆਂ ਟਿੱਪਣੀਆਂ ਨੂੰ ਅਪਮਾਨਜਨਕ ਅਤੇ ਸਪਸ਼ਟ ਤੌਰ ’ਤੇ ਗਲਤ ਮੰਨਦਾ ਹਾਂ। ਉਨ੍ਹਾਂ ਨੇ ਇਸ ਜੰਗ ਵਿਚ ਫੌਤ ਹੋਏ ਜਾਂ ਜ਼ਖਮੀ ਹੋਏ ਫੌਜੀਆਂ ਦੇ ਅਜ਼ੀਜ਼ਾਂ ਅਤੇ ਦੇਸ਼ ਵਾਸੀਆਂ ਨੂੰ ਦੁੱਖ ਪਹੁੰਚਾਇਆ ਹੈ।’
ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਯਕੀਨ ਨਹੀਂ ਹੈ ਕਿ ਜਦੋਂ ਵੀ ਕਿਹਾ ਜਾਵੇ ਤਾਂ ਨਾਟੋ ਸੰਯੁਕਤ ਰਾਜ ਅਮਰੀਕਾ ਦਾ ਸਮਰਥਨ ਕਰਨ ਲਈ ਮੌਜੂਦ ਹੋਵੇਗਾ। ਜਿਸ ਦੌਰਾਨ ਇਨ੍ਹਾਂ ਟਿੱਪਣੀਆਂ ਕਾਰਨ ਯੂਨਾਈਟਿਡ ਕਿੰਗਡਮ ਦੇ ਲੋਕਾਂ ਵਿੱਚ ਗੁੱਸਾ ਅਤੇ ਦੁੱਖ ਫੈਲ ਗਿਆ।



