Meta ਦਾ ਵੱਡਾ ਐਲਾਨ, ਕਿਸ਼ੋਰਾਂ ਲਈ AI Character ਤੇ ਲਗਾਈ ਰੋਕ

by nripost

ਸਾਂ ਫਰਾਂਸਿਸਕੋ (ਪਾਇਲ): ਅਮਰੀਕਾ ਦੀ ਬਹੁ-ਰਾਸ਼ਟਰੀ ਤਕਨਾਲੋਜੀ ਅਤੇ ਸੋਸ਼ਲ ਮੀਡੀਆ ਕੰਪਨੀ ਮੇਟਾ ਨੇ ਕਿਹਾ ਹੈ ਕਿ ਉਹ ਕਿਸ਼ੋਰਾਂ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ‘ਕਰੈਕਟਰ’ ਤੱਕ ਪਹੁੰਚ ਨੂੰ ਅਸਥਾਈ ਤੌਰ ’ਤੇ ਰੋਕ ਰਹੀ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਇੱਕ ਬਲੌਗ ਪੋਸਟ ਵਿੱਚ ਇਹ ਜਾਣਕਾਰੀ ਦਿੱਤੀ। ਇੰਸਟਾਗ੍ਰਾਮ ਅਤੇ ਵਟਸਐਪ ਦੀ ਮਾਲਕੀ ਵਾਲੀ ਕੰਪਨੀ ਮੇਟਾ ਪਲੇਟਫਾਰਮਸ ਇੰਕ. ਨੇ ਕਿਹਾ ਕਿ ‘ਆਉਣ ਵਾਲੇ ਕੁਝ ਹਫ਼ਤਿਆਂ’ ਵਿੱਚ ਕਿਸ਼ੋਰਾਂ ਨੂੰ ਏਆਈ ਕਰੈਕਟਰ (ਏਆਈ-ਅਧਾਰਿਤ ਡਿਜੀਟਲ ਕਰੈਕਟਰ) ਤੱਕ ਪਹੁੰਚ ਨਹੀਂ ਦਿੱਤੀ ਜਾਵੇਗੀ ਅਤੇ ‘ਜਦੋਂ ਤੱਕ ਇੱਕ ਨਵਾਂ ਅਤੇ ਸੁਧਰਿਆ ਹੋਇਆ ਸੰਸਕਰਣ ਤਿਆਰ ਨਹੀਂ ਹੁੰਦਾ’ ਇਹ ਪਾਬੰਦੀ ਉਦੋਂ ਤੱਕ ਲਾਗੂ ਰਹੇਗੀ।

ਕੰਪਨੀ ਨੇ ਕਿਹਾ ਕਿ ਇਹ ਫੈਸਲਾ ਉਨ੍ਹਾਂ ਸਾਰੇ ਖਪਤਕਾਰਾਂ ’ਤੇ ਲਾਗੂ ਹੁੰਦਾ ਹੈ ਜਿਨ੍ਹਾਂ ਨੇ ਮੈਟਾ ’ਤੇ ਜਨਮ ਤਰੀਕ ਦਰਜ ਕੀਤੀ ਹੈ ਜਿਸ ਕਾਰਨ ਉਹ ਨਾਬਾਲਗ ਦਿਖਾਈ ਦਿੰਦੇ ਹਨ। ਇਹ ਪਾਬੰਦੀ ਉਨ੍ਹਾਂ ’ਤੇ ਵੀ ਲਾਗੂ ਹੁੰਦੀ ਹੈ ‘ਜੋ ਬਾਲਗ ਹੋਣ ਦਾ ਦਾਅਵਾ ਕਰਦੇ ਹਨ ਪਰ ਸਾਡੀ ਉਮਰ-ਅਨੁਮਾਨ ਤਕਨਾਲੋਜੀ ਦੇ ਅਧਾਰ ’ਤੇ ਸਾਨੂੰ ਨਾਬਾਲਗ ਜਾਪਦੇ ਹਨ।’ ਇਹ ਪਾਬੰਦੀ ਅਜਿਹੇ ਸਮੇਂ ਲਗਾਈ ਗਈ ਹੈ ਜਦੋਂ ਮੈਟਾ, ਟਿੱਕਟੋਕ ਅਤੇ ਗੂਗਲ ਦੇ ਯੂਟਿਊਬ ਨੂੰ ਅਗਲੇ ਹਫਤੇ ਲਾਸ ਏਂਜਲਸ ਵਿੱਚ ਆਪਣੇ ਐਪਸ ਦੇ ਬੱਚਿਆਂ ’ਤੇ ਕਥਿਤ ਨੁਕਸਾਨਦੇਹ ਪ੍ਰਭਾਵਾਂ ਦੇ ਮਾਮਲੇ ਵਿੱਚ ਮੁਕੱਦਮੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹਾਲਾਂਕਿ ਕਿਸ਼ੋਰ ਅਜੇ ਵੀ ਮੈਟਾ ਦੇ ਏਆਈ ਸਹਾਇਕ ਦੀ ਵਰਤੋਂ ਕਰਨ ਦੇ ਯੋਗ ਹੋਣਗੇ ਪਰ ਉਹ ਏਆਈ ਕਰੈਕਟਰ ਤੱਕ ਪਹੁੰਚ ਨਹੀਂ ਕਰ ਸਕਣਗੇ। ਬੱਚਿਆਂ ’ਤੇ ਏਆਈ-ਅਧਾਰਤ ਗੱਲਬਾਤ ਦੇ ਪ੍ਰਭਾਵ ਬਾਰੇ ਵਧਦੇ ਫ਼ਿਕਰਾਂ ਦਰਮਿਆਨ ਹੋਰ ਕੰਪਨੀਆਂ ਨੇ ਵੀ ਕਿਸ਼ੋਰਾਂ ਲਈ ਏਆਈ ਚੈਟਬੋਟਸ ’ਤੇ ਪਾਬੰਦੀ ਲਗਾ ਦਿੱਤੀ ਹੈ। Character.ai ਨੇ ਪਿਛਲੇ ਸਾਲ ਕਿਸ਼ੋਰਾਂ ਲਈ ਪਾਬੰਦੀ ਦਾ ਐਲਾਨ ਕੀਤਾ ਸੀ। ਕੰਪਨੀ ਕਈ ਬਾਲ ਸੁਰੱਖਿਆ ਮੁਕੱਦਮਿਆਂ ਦਾ ਸਾਹਮਣਾ ਕਰ ਰਹੀ ਹੈ। ਇਸ ਵਿੱਚ ਇੱਕ ਮਾਂ ਵੱਲੋਂ ਦਾਇਰ ਕੀਤਾ ਗਿਆ ਕੇਸ ਵੀ ਸ਼ਾਮਲ ਹੈ, ਜਿਸ ਦਾ ਦਾਅਵਾ ਹੈ ਕਿ ਕੰਪਨੀ ਦੇ ਚੈਟਬੋਟ ਨੇ ਉਸ ਦੇ ਕਿਸ਼ੋਰ ਪੁੱਤਰ ਨੂੰ ਖੁਦਕੁਸ਼ੀ ਕਰਨ ਲਈ ਉਕਸਾਇਆ ਸੀ।

More News

NRI Post
..
NRI Post
..
NRI Post
..