ਅਕਸ਼ੇ ਨੇ ਕਰਵਾਈ ਸੀ ਰਾਮ ਰਹੀਮ ਅਤੇ ਸੁਖਬੀਰ ਬਾਦਲ ਦੀ ਮੀਟਿੰਗ – SIT

by mediateam

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਪੰਜਾਬ ਸਰਕਾਰ ਵੱਲੋਂ ਬੇਅਦਬੀ ਮਾਮਲਿਆਂ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਮੁਤਾਬਕ ਸੁਖਬੀਰ ਸਿੰਘ ਬਾਦਲ, ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੀਟਿੰਗ ਅਦਾਕਾਰ ਅਕਸ਼ੇ ਕੁਮਾਰ ਨੇ ਕਰਵਾਈ ਸੀ।  ਇਸ ਮੀਟਿੰਗ ਵਿੱਚ ਜਥੇਦਾਰ ਅਕਾਲ ਤਖ਼ਤ ਤੋਂ ਡੇਰਾ ਮੁਖੀ ਨੂੰ ਮਾਫ਼ੀ ਦਵਾਉਣਾ ਤੈਅ ਹੋਇਆ ਸੀ। ਇਸ ਤੋਂ ਬਾਅਦ ਡੇਰਾ ਮੁਖੀ ਨੂੰ 24 ਸਤੰਬਰ 2015 ਵਿੱਚ ਮਾਫ਼ੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਸ ਦੀ ਫ਼ਿਲਮ ਐਮਐਸਜੀ-2 ਨੂੰ ਵੀ ਪੰਜਾਬ ਵਿੱਚ ਰਿਲੀਜ਼ ਕਰਨ ਦੀ ਇਜਾਜ਼ਤ ਮਿਲ ਗਈ ਸੀ। ਇਸ ਦੌਰਾਨ ਅਕਸ਼ੇ ਕੁਮਾਰ ਦੀ ਫ਼ਿਲਮ 'ਸਿੰਘ ਇਜ਼ ਬਲਿੰਗ' ਵੀ ਵਿਵਾਦਾਂ ਵਿੱਚ ਘਿਰੀ ਹੋਈ ਸੀ ਉਸ ਨੂੰ ਵੀ ਇਸ ਮੀਟਿੰਗ ਤੋਂ ਬਾਅਦ ਰਿਲੀਜ਼ ਕਰ ਦਿੱਤਾ ਗਿਆ ਸੀ।


ਚਾਰਜ਼ਸੀਟ ਵਿੱਚ 'ਸਿੰਘ ਇਜ਼ ਬਲਿੰਗ' ਫ਼ਿਲਮ ਤੇ ਜ਼ਿਆਦਾ ਤਵੱਜੋ ਦਿੰਦਿਆਂ ਵਿਸ਼ੇਸ਼ ਜਾਂਚ ਟੀਮ ਨੇ ਕਿਹਾ ਕਿ ਸੁਖਬੀਰ ਬਾਦਲ ਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵਿਚਕਾਰ ਮੁਲਾਕਾਤ ਕਰਵਾਉਣ ਲਈ ਅਕਸ਼ੇ ਕੁਮਾਰ ਦੀ ਸਰਗਰਮ ਭੂਮਿਕਾ ਬਿਨਾਂ ਮਤਲਬ ਨਹੀਂ ਸੀ, ਅਕਸ਼ੇ ਕੁਮਾਰ ਦੀ ਖ਼ੁਦ ਦੀ ਫਿਲਮ 'ਸਿੰਘ ਇਜ਼ ਬਲਿੰਗ' ਕੁਝ ਸਿੱਖ ਜਥੇਬੰਦੀਆਂ ਦੇ ਵਿਰੋਧ ਦੇ ਚਲਦਿਆ ਰਿਲੀਜ਼ ਲਈ ਅਟਕ ਰਹੀ ਸੀ ਤੇ ਉਸ ਫ਼ਿਲਮ ਨੂੰ ਡੇਰਾ ਮੁਖੀ ਦੀ ਫ਼ਿਲਮ ਦੇ ਇੱਕ ਹਫ਼ਤੇ ਬਾਅਦ 2 ਅਕਤੂਬਰ 2015 ਨੂੰ ਰਿਲੀਜ਼ ਹੋਣ ਨੂੰ ਹਰੀ ਝੰਡੀ ਐੱਸਜੀਪੀਸੀ ਵੱਲੋਂ ਦਿੱਤੀ ਗਈ ਜਿਸ ਦੀ ਪ੍ਰਵਾਨਗੀ ਦੀ ਕਾਪੀ ਵੀ ਚਾਰਜਸ਼ੀਟ ਵਿਚ ਨੱਥੀ ਕੀਤੀ ਗਈ ਹੈ। 


ਇੱਥੇ ਇਹ ਵੀ ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਵਿਸ਼ੇਸ਼ ਜਾਂਚ ਟੀਮ 21 ਨਵੰਬਰ 2018 ਨੂੰ ਅਕਸ਼ੇ ਕੁਮਾਰ ਨੂੰ ਆਪਣੇ ਦਫ਼ਤਰ ਚੰਡੀਗੜ੍ਹ ਵਿੱਚ ਬੁਲਾ ਕੇ ਤਫ਼ਤੀਸ਼ ਕਰ ਚੁੱਕੀ ਹੈ। ਇੰਨਾ ਹੀ ਨਹੀਂ ਵਿਸ਼ੇਸ਼ ਜਾਂਚ ਟੀਮ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਤੋਂ ਵੀ ਪੁੱਛਗਿੱਛ ਕਰ ਚੁੱਕੀ ਹੈ।