ਸ੍ਰੀ ਅਨੰਦਪੁਰ ਸਾਹਿਬ : ਸ੍ਰੀ ਅਨੰਦਪੁਰ ਸਾਹਿਬ ਦੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਮਾਰਕੀਟ ਨੂੰ ਦੇਖਦੇ ਹੀ ਦੇਖਦੇ ਕੁਝ ਹੀ ਮਿੰਟਾਂ ਵਿਚ ਅੱਗ ਨੇ ਆਪਣੇ ਲਪੇਟ 'ਚ ਲੈ ਲਿਆ। ਅੱਗ ਇੰਨੀ ਖ਼ਤਰਨਾਕ ਸੀ ਕਿ 50 ਤੋਂ ਵੱਧ ਦੁਕਾਨਾਂ ਰਾਖ ਹੋ ਗਈਆਂ ਤੇ ਅਸਮਾਨ 'ਚ ਧੂੰਆਂ ਹੀ ਧੂੰਆਂ ਹੋ ਗਿਆ। ਅੱਗ ਲੱਗਣ ਦਾ ਸਮਾਂ ਕਰੀਬ 3:20 ਤੜਕਸਾਰ ਦਾ ਸੀ। ਫੜ੍ਹੀ ਮਾਰਕੀਟ 'ਚ ਪ੍ਰਸਾਦਿ ਖਿਡੌਣੇ, ਪਲਾਸਟਿਕ ਦਾ ਸਾਮਾਨ ਤੇ ਖਾਣ-ਪੀਣ ਦੀਆ ਦੁਕਾਨਾਂ ਵਾਲਾ ਮਾਲ ਸੀ।ਅੱਗ ਕਾਰਨ ਘੱਟ ਤੋਂ ਘੱਟ 10 ਗੈਸ ਸਿਲੰਡਰ ਫਟ ਗਏ। 6 ਕਾਰਾਂ ਸੜ ਕੇ ਸੁਆਹ ਹੋ ਗਈਆਂ। 2 ਟਿੱਪਰ ਬੁਰੀ ਤਰ੍ਹਾਂ ਸੜ ਕੇ ਰਾਖ ਹੋ ਗਏ।
ਅੱਗ ਇੰਨੀ ਕੁ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਪੱਕੇ ਘਰਾਂ ਤੇ ਦੁਕਾਨਾਂ ਤਕ ਵਧ ਗਈ ਜਿਸ ਵਿਚ 5 ਦੁਕਾਨਾਂ ਜੋ ਪੱਕੇ ਤੌਰ 'ਤੇ ਬਣੀਆਂ ਹੋਈਆਂ ਸਨ, ਵੀ ਸੜ ਗਈਆਂ। ਲੋਕਾਂ ਨੇ ਸ਼ਟਰ ਤੋੜ ਕੇ ਅੱਗ 'ਤੇ ਕਾਬੂ ਪਾਇਆ।ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ 1 ਘੰਟਾ ਲੇਟ ਪਹੁੰਚੀਆਂ ਉਦੋਂ ਤਕ ਤਾਂ ਭਾਂਬੜ ਮਚ ਚੁੱਕਾ ਸੀ। ਫਿਰ ਵੀ ਕਾਫ਼ੀ ਹੱਦ ਤਕ ਅੱਗ 'ਤੇ ਕਾਬੂ ਪਾਇਆ ਗਿਆ।ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਰੋਵਰ ਨੇੜੇ ਮਾਰਕੀਟ ਦਾ ਅੱਗ ਨੇ ਪੂਰੀ ਤਰ੍ਹਾਂ ਸਫ਼ਾਇਆ ਕਰ ਦਿੱਤਾ।
1000 ਕਾਮਿਆਂ ਦੇ ਚੁੱਲ੍ਹੇ ਬੁੱਝ ਗਏ ਤੇ 300 ਤੋਂ ਵੱਧ ਪਰਿਵਾਰ ਰੋਟੀ ਤੋਂ ਆਵਾਜ਼ਾਰ ਹੋ ਗਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਨੇ ਬਹਾਦਰੀ ਨਾਲ ਆਪਣੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਦੁਕਾਨਾਂ 'ਚ ਸੁੱਤੇ ਹੋਏ ਦੁਕਾਨਦਾਰਾਂ ਦੇ ਪਰਿਵਾਰਾਂ ਨੂੰ ਬਾਹਰ ਕੱਢਿਆ ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।ਮੌਕੇ 'ਤੇ ਨਗਰ ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਅਕਾਲੀ ਦਲ ਦੇ ਕੁਲਵਿੰਦਰ ਕੌਰ ਤੇ ਮਨਜਿੰਦਰ ਸਿੰਘ ਬਰਾੜ ਨੇ ਆ ਕੇ ਲੋਕਾਂ ਦੀ ਮਦਦ ਕੀਤੀ।



