ਐੱਸਏਐੱਸ ਨਗਰ : ਥਾਣਾ ਬਲੌਗੀ ਅਧੀਨ ਪੈਂਦੇ ਇਲਾਕੇ ਅੰਬੇਡਕਰ ਕਾਲੋਨੀ 'ਚ ਸਾਧੂ ਦੀ ਝੁੱਗੀ ਨੇੜੇ ਸੰਨੀ ਪਾਸਵਾਨ ਪੁੱਤਰ ਮੁਕਰਧੰਨ ਪਾਸਵਾਨ ਵਾਸੀ ਅੰਬੇਦਕਰ ਕਾਲੋਨੀ ਦੇ ਹੋਏ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ।ਉਪ ਕਪਤਾਨ ਪੁਲਿਸ ਖਰੜ ਦੀਪ ਕਮਲ ਨੇ ਦੱਸਿਆ ਕਿ ਸੰਨੀ ਪਾਸਵਾਨ ਦੀ ਲਾਸ਼ 28 ਮਈ 2019 ਦੀ ਰਾਤ ਨੂੰ ਬਰਾਮਦ ਹੋਈ ਸੀ। ਇਸ 'ਤੇ ਪੁਲਿਸ ਨੇ ਥਾਣਾ ਬਲੌਂਗੀ 'ਚ ਕੇਸ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਐੱਸਐੱਚਓ ਥਾਣਾ ਬਲੌਂਗੀ ਯੋਗੇਸ਼ ਕੁਮਾਰ ਦੀ ਟੀਮ ਨੂੰ ਜਾਂਚ ਦੌਰਾਨ ਪਤਾ ਚੱਲਿਆ ਕਿ ਇਹ ਕਤਲ ਸੰਨੀ ਦੇ ਦੋਸਤਾਂ ਦਲੀਪ ਕੁਮਾਰ, ਅਮਿਤ ਤਿਵਾੜੀ, ਚੰਦਨ ਪਾਸਵਾਨ, ਅਭਿਸ਼ੇਕ ਤੇ ਦੀਪਕ ਪਾਸਵਾਨ ਉਰਫ ਮਾਸ ਨੇ ਕੀਤਾ ਹੈ।
ਡੀਐੱਸਪੀ ਨੇ ਦੱਸਿਆ ਕਿ ਪੁਲਿਸ ਨੇ 31 ਮਈ ਨੂੰ ਮੁਲਜ਼ਮ ਚੰਦਨ ਪਾਸਵਾਨ ਵਾਸੀ ਮਕਾਨ ਨੰਬਰ 256 ਅੰਬੇਡਕਰ ਕਾਲੋਨੀ ਬਲੌਂਗੀ ਨੂੰ ਆਦਰਸ਼ ਨਗਰ ਬਲੌਂਗੀ ਦੇ ਪਿਛਲੇ ਪਾਸਿਓਂ ਟੀਡੀਆਈ ਦੇ ਬਣੇ ਸਟੋਰਾਂ ਕੋਲੋ ਗਿ੍ਫਤਾਰ ਕੀਤਾ। ਇਸ ਦੌਰਾਨ 2 ਜੂਨ ਨੂੰ ਦਲੀਪ ਯਾਦਵ ਵਾਸੀ ਮਕਾਨ ਨੰਬਰ 4 ਅੰਬੇਦਕਰ ਕਾਲੋਨੀ ਨੂੰ ਫੇਜ-5 ਦੇ ਪਾਰਕ ਨੇੜੇ ਸਵਰਾਜ ਫੈਕਟਰੀ ਮੋਹਾਲੀ ਤੋ ਗਿ੍ਫ਼ਤਾਰ ਕੀਤਾ ਗਿਆ ਤੇ ਬਾਕੀ ਦੇ ਤਿੰਨ ਮੁਲਜਮਾਂ ਦੀਪਕ ਪਾਸਵਾਨ ਉਰਫ ਮਾਸ ਵਾਸੀ ਅੰਬੇਡਕਰ ਕਾਲੋਨੀ ਬਲੌਂਗੀ, ਅਮਿਤ ਤਿਵਾੜੀ ਵਾਸੀ ਮਕਾਨ ਨੰਬਰ 86 ਆਜਾਦ ਨਗਰ ਬਲੌਂਗੀ ਤੇ ਅਭਿਸ਼ੇਕ ਪਾਸਵਾਨ ਵਾਸੀ ਅੰਬੇਡਕਰ ਕਾਲੋਨੀ ਨੂੰ 5 ਜੂਨ ਨੂੰ ਮਿਨਰਵਾ ਅਕੈਡਮੀ ਮੋੜ ਲਾਗੇ ਪਿੰਡ ਦਾਊਂ ਲਿੰਕ ਰੋਡ ਕੋਲ ਅੰਬਾਂ ਦੇ ਬਾਗ 'ਚੋਂ ਨਿਕਲਦਿਆਂ ਗਿ੍ਫਤਾਰ ਕੀਤਾ ਗਿਆ।
ਪੁਲਿਸ ਨੇ ਕਤਲ ਦੀ ਵਾਰਦਾਤ 'ਚ ਵਰਤੇ ਗਏ ਮੋਟਰਸਾਈਕਲ (ਪੀਬੀ 65ਏਟੀ 0576), ਜੋ ਮੁਲਜ਼ਮ ਚੰਦਨ ਪਾਸਵਾਨ ਦਾ ਹੈ, ਨੂੰ ਵੀ ਬਰਾਮਦ ਕਰ ਲਿਆ ਹੈ। ਕਤਲ 'ਚ ਵਰਤੀਆਂ ਕਿਰਚਾਂ ਵੀ ਬਰਾਮਦ ਕਰ ਲਈਆਂ ਗਈਆਂ। ਮੁਲਜ਼ਮਾਂ ਨੇ ਪੁੱਛ-ਪੜਤਾਲ ਦੌਰਾਨ ਮੰਨਿਆ ਕਿ ਉਨ੍ਹਾਂ ਪਰਿਵਾਰਕ ਰੰਜਿਸ਼ ਕਾਰਨ ਸੰਨੀ ਪਾਸਵਾਨ ਦਾ ਕਤਲ ਕੀਤਾ ਹੈ। ਮੁਲਜਮਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ।

