ਲੰਡਨ ਡੈਸਕ (ਵਿਕਰਮ ਸਹਿਜਪਾਲ) : ਵਿਸ਼ਵ ਕੱਪ ਵਿੱਚ ਧਵਨ ਦੇ ਅੰਗੂਠੇ ਦੀ ਸੱਟ ਨੇ ਕਪਤਾਨ ਕੋਹਲੀ ਦੀ ਮੁਸ਼ਕਲਾਂ ਨੂੰ ਵਧਾ ਦਿੱਤਾ ਹੈ। ਆਸਟ੍ਰੇਲੀਆ ਨਾਲ ਮੈਚ ਦੌਰਾਨ ਸ਼ਿਖਰ ਧਵਨ ਦੇ ਅੰਗੂਠੇ 'ਚ ਫ਼ਰੈਕਚਰ ਹੋ ਗਿਆ ਸੀ। ਹੁਣ ਬੀਸੀਸੀਆਈ ਨੇ ਧਵਨ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ।
ਬੀਸੀਸੀਆਈ ਨੇ ਕਿਹਾ ਕਿ ਧਵਨ ਮੈਡੀਕਲ ਟੀਮ ਦੀ ਨਿਗਰਾਨੀ ਵਿੱਚ ਹਨ। ਬੋਰਡ ਨੇ ਜਾਰੀ ਬਿਆਨ 'ਚ ਕਿਹਾ, 'ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਹਾਲ ਦੇ ਦਿਨਾਂ 'ਚ ਬੀਸੀਸੀਆਈ ਦੀ ਮੈਡੀਕਲ ਟੀਮ ਦੀ ਨਿਗਰਾਨੀ 'ਚ ਹਨ।
ਟੀਮ ਪ੍ਰਬੰਧਨ ਨੇ ਫ਼ੈਸਲਾ ਕੀਤਾ ਹੈ ਕਿ ਧਵਨ ਇੰਗਲੈਂਡ 'ਚ ਹੀ ਰਹਿਣਗੇ ਅਤੇ ਉਨ੍ਹਾਂ ਦੀ ਸੱਟ 'ਚ ਹੋਏ ਸੁਧਾਰ ਦੀ ਨਿਗਰਾਨੀ ਕੀਤੀ ਜਾਵੇਗੀ। ਹਾਲਾਂਕਿ, ਸੱਟ ਤੋਂ ਬਾਅਦ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਧਵਨ ਪਾਕਿਸਤਾਨ ਅਤੇ ਨਿਊਜ਼ੀਲੈਂਡ ਦੇ ਨਾਲ ਹੋਣ ਵਾਲੇ ਮੈਚ ਨਹੀਂ ਖੇਡ ਪਾਉਣਗੇ।



