ਵੈੱਬ ਡੈਸਕ (ਵਿਕਰਮ ਸਹਿਜਪਾਲ) : ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਵੀਰਵਾਰ ਦੁਪਹਿਰ ਵੱਡਾ ਅੱਤਵਾਦੀ ਹਮਲਾ ਹੋਇਆ। ਜੈਸ਼-ਏ-ਮੁਹੰਮਦ ਨੇ ਅੱਤਵਾਦੀ ਹਮਲਾ ਕਰ ਸੀ.ਆਰ.ਪੀ.ਐੱਫ. ਬੱਸ ਨੂੰ ਉਡਾ ਦਿੱਤਾ। ਇਸ ਹਮਲੇ 'ਚ ਹੁਣ ਤਕ 44 ਸੀ.ਆਰ.ਪੀ.ਐੱਫ. ਜਵਾਨ ਸ਼ਹੀਦ ਹੋ ਗਏ ਹਨ ਤੇ 45 ਤੋਂ ਜ਼ਿਆਦਾ ਜ਼ਖਮੀ ਹੋਏ ਹਨ। ਇਸ ਹਮਲੇ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਕੇਂਦਰੀ ਮੰਤਰੀ ਮੰਡਲ ਦੀ ਸੁਰੱਖਿਆ ਸਬੰਧੀ ਮੀਟਿੰਗ ਸੱਦੀ ਗਈ ਹੈ। ਪੁਲਵਾਮਾ ਹਮਲੇ ਦੀ ਜਾਂਚ ਲਈ ਐੱਨ.ਆਈ.ਏ. ਦੀ 12 ਮੈਂਬਰੀ ਟੀਮ ਗਠਿਤ ਕੀਤੀ ਗਈ ਹੈ। ਇਸ ਟੀਮ ਦੀ ਅਗਵਾਈ ਆਈ.ਜੀ. ਰੈਂਕ ਦੇ ਅਫਸਰ ਕਰਨਗੇ। ਇਹ ਟੀਮ ਕੱਲ ਸਵੇਰੇ ਸ਼੍ਰੀਨਗਰ ਲਈ ਰਵਾਨਾ ਹੋਵੇਗੀ।



