ਆਕਲੈਂਡ (ਵਿਕਰਮ ਸਹਿਜਪਾਲ) : ਨਿਊਜ਼ੀਲੈਂਡ ਵਿਚ ਕੁਝ ਸੰਸਥਾਵਾਂ ਜੇਲ੍ਹਾਂ 'ਚ ਬੰਦ ਸਿੱਖਾਂ ਨੂੰ ਮੁਫ਼ਤ ਵਿਚ ਸੇਵਾਵਾਂ ਮੁਹੱਈਆ ਕਰਵਾਉਂਦੀਆਂ ਹਨ ਤਾਂਕਿ ਕੈਦੀ ਲੋਕ ਆਪਣਾ ਜੀਵਨ ਬਦਲ ਤੇ ਸੁਧਾਰ ਸਕਣ। ਅੰਕੜਿਆਂ ਮੁਤਾਬਕ ਇਥੇ ਦੀਆਂ ਜੇਲ੍ਹਾਂ ਵਿਚ ਲਗਪਗ 250 ਭਾਰਤੀ ਕੈਦੀ ਬੰਦ ਹਨ ਜਿਨ੍ਹਾਂ ਵਿਚ ਪੰਜਾਬੀ ਪੁਰਸ਼ਾਂ ਅਤੇ ਸੰਸਥਾ ਦੀ ਗਿਣਤੀ ਵੀ ਸ਼ਾਮਿਲ ਹੈ ਜੋਕਿ ਇਸ ਸਹੂਲਤ ਦਾ ਲਾਭ ਉਠਾ ਸਕਣਗੇ।
ਇਸ ਵੇਲੇ ਤਕ ਸ਼ਾਇਦ ਸਿੱਖ ਧਰਮ ਦੇ ਪੈਰੋਕਾਰਾਂ ਵਾਸਤੇ ਅਜਿਹੀ ਕੋਈ ਸੰਸਥਾ ਨਹੀਂ ਸੀ ਪਰ ਹੁਣ ਜੇਲ੍ਹ ਵਿਭਾਗ ਨੇ 'ਸਿੱਖ ਅਵੇਅਰ' ਸੰਸਥਾ ਨੂੰ ਇਸ ਗੱਲ ਦੀ ਮਾਨਤਾ ਦੇ ਦਿੱਤੀ ਹੈ ਕਿ ਉਹ ਜੇਲ੍ਹ ਅੰਦਰ ਆ ਕੇ ਸਿੱਖ ਧਰਮ ਦੇ ਕਿਸੇ ਕੈਦੀ ਨੂੰ ਧਾਰਮਿਕ ਸਲਾਹ ਜਾਂ ਮਸ਼ਵਰਾ ਦੇ ਸਕਦੇ ਹਨ। ਸਿੱਖੀ ਸੇਧ ਇਕ ਸਿੱਖ ਦੇ ਲਈ ਸਵੈ ਸੁਧਾਰ ਵੱਲ ਇਕ ਅਹਿਮ ਕਦਮ ਹੁੰਦੀ ਹੈ।
ਇਹ ਸਹੂਲਤ ਸਿੱਖੀ ਦੇ ਪ੍ਰਚਾਰ ਦਾ ਇਕ ਹਿੱਸਾ ਵੀ ਬਣੇਗੀ ਅਤੇ ਸਿੱਖ ਧਰਮ ਵਿਚ ਵਿਸ਼ਵਾਸ ਰੱਖਣ ਵਾਲੇ ਕੈਦੀਆਂ ਨੂੰ ਇਸ ਨਾਲ ਮਾਨਸਿਕ ਬਲ ਵੀ ਮਿਲੇਗਾ। ਅਜਿਹੀ ਸਿੱਖਿਆ ਦੇ ਨਾਲ ਉਹ ਆਪਣਾ ਜੀਵਨ ਜੇਲ੍ਹ ਦੇ ਅੰਦਰ ਅਤੇ ਫਿਰ ਬਾਹਰ ਆ ਕੇ ਹੋਰ ਬਿਹਤਰ ਬਣਾ ਸਕਣਗੇ। 'ਸਿੱਖ ਅਵੇਅਰ' ਕੁਝ ਮਹੀਨਿਆਂ ਤੋਂ ਇਸ ਕਾਰਜ ਵਾਸਤੇ ਲੱਗੀ ਹੋਈ ਸੀ ਅਤੇ ਅਖੀਰ ਉਸ ਨੇ ਸਫਲਤਾ ਹਾਸਲ ਕੀਤੀ।



