ਮੈਨਚੇਸਟਰ (ਵਿਕਰਮ ਸਹਿਜਪਾਲ) : ICC ਵਿਸ਼ਵ ਕੱਪ 2019 ਦਾ 29ਵਾਂ ਮੁਕਾਬਲਾ ਨਿਊਜ਼ੀਲੈਂਡ ਤੇ ਵੈਸਟਇੰਡੀਜ਼ ਵਿਚਾਲੇ ਮੈਨਚੇਸਟਰ 'ਚ ਖੇਡਿਆ ਗਿਆ। ਜਿੱਥੇ ਵੈਸਟਇੰਡੀਜ਼ ਨੇ ਨਿਊਜ਼ੀਲੈਂਡ ਵਿਰੁੱਧ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਨਿਊਜ਼ੀਲੈਂਡ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਨੂੰ 292 ਦੌੜਾਂ ਦਾ ਟੀਚਾ ਦਿੱਤਾ। ਕਪਤਾਨ ਕੇਨ ਵਿਲੀਅਮਸਨ ਨੇ ਕਰੀਅਰ ਦੀ ਸਰਵਸ੍ਰੇਸ਼ਠ 148 ਦੌੜਾਂ ਦੀ ਪਾਰੀ , ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ (30 ਦੌੜਾਂ 'ਤੇ4 ਵਿਕਟਾਂ) ਤੇ ਲਾਕੀ ਫਰਗਿਊਸਨ (59 ਦੌੜਾਂ 'ਤੇ 3 ਵਿਕਟਾਂ) ਦੀ ਬਦੌਲਤ ਨਿਊਜ਼ੀਲੈਂਡ ਨੇ ਵਿਸ਼ਵ ਕੱਪ ਦੇ ਗਰੁੱਪ ਮੈਚ ਵਿਚ ਵੈਸਟਇੰਡੀਜ਼ ਨੂੰ ਰੋਮਾਂਚਕ ਮੁਕਾਬਲੇ ਵਿਚ 5 ਦੌੜਾਂ ਨਾਲ ਹਰਾ ਕੇ ਕੇ ਟੂਰਨਾਮੈਂਟ ਵਿਚ ਆਪਣੀ 6ਵੀਂ ਜਿੱਤ ਦਰਜ ਕਰ ਕੇ ਸੈਮੀਫਾਈਨਲ ਲਈ ਆਪਣਾ ਦਾਅਵਾ ਪੁਖਤਾ ਕਰ ਲਿਆ।
ਦੱਸ ਦਈਏ ਕਿ ਵਿੰਡੀਜ਼ ਵਲੋਂ ਬ੍ਰੈੱਥਵੇਟ ਨੇ ਸ਼ਾਨਦਾਰ ਸੈਂਕੜਾ ਲਾਇਆ। ਉਹ ਇਕ ਸਮੇਂ ਵਿੰਡੀਜ਼ ਨੂੰ ਜਿੱਤ ਕੇ ਕੰਢੇ ਪਹੁੰਚਾ ਚੁੱਕਾ ਸੀ ਪਰ 1 ਓਵਰ ਬਾਕੀ ਰਹਿੰਦਿਆਂ ਹੀ ਉਹ ਕੀਵੀ ਗੇਂਦਬਾਜ਼ ਨੀਸ਼ਮ ਦੇ ਓਵਰ ਦੀ ਆਖਰੀ ਗੇਂਦ 'ਤੇ ਬੋਲਟ ਦੇ ਹੱਥਾਂ ਵਿਚ ਗੇਂਦ ਖੇਡ ਬੈਠਾ, ਜਿਸ ਕਾਰਨ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕਿਆ। ਉਸ ਨੇ ਆਪਣੀ ਸੈਂਕੜੇ ਵਾਲੀ ਪਾਰੀ ਵਿਚ 82 ਗੇਂਦਾਂ 'ਤੇ 9 ਚੌਕੇ ਤੇ 5 ਸ਼ਾਨਦਾਰ ਛੱਕੇ ਲਾਏ। ਧਮਾਕੇਦਾਰ ਓਪਨਰ ਕ੍ਰਿਸ ਗੇਲ ਨੇ ਇਸ ਮੈਚ ਵਿਚ ਸ਼ਾਨਦਾਰ ਪਾਰੀ ਖੇਡੀ। ਉਸ ਨੇ 84 ਗੇਂਦਾਂ 'ਤੇ 87 ਦੌੜਾਂ ਦੀ ਪਾਰੀ ਵਿਚ 8 ਚੌਕੇ ਤੇ 6 ਛੱਕੇ ਲਾਏ ਜਦਕਿ ਹੈੱਟਮਾਇਰ ਨੇ 45 ਗੇਂਦਾ ਦੀ ਆਪਣੀ ਪਾਰੀ ਵਿਚ 8 ਚੌਕਿਆਂ ਤੇ 1 ਛੱਕੇ ਦੀ ਬਦੌਲਤ 54 ਦੌੜਾਂ ਦੀ ਪਾਰੀ ਖੇਡੀ।


