ਵਿਆਹ ਤੋਂ ਬਾਦ ਕੁੜੀ ਨੂੰ ਪੇਕੇ ਭੇਜ ਕੈਨੇਡਾ ਭਜਿਆ ਸਾਰਾ ਪਰਿਵਾਰ

by

ਛੇਹਰਟਾ : ਅੰਮ੍ਰਿਤਸਰ ਦੇ ਕਬੀਰ ਪਾਰਕ ਸਥਿਤ ਘਰ 'ਚ ਇਕ ਵਿਆਹੁਤਾ ਨੂੰ ਦਾਜ ਖ਼ਾਤਰ ਘਰੋਂ ਕੱਢ ਕੇ ਵਿਦੇਸ਼ ਭੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਨੀਤ ਕੌਰ ਪੁੱਤਰੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ 16 ਫਰਵਰੀ 2019 ਨੂੰ ਅੰਗਦਦੀਪ ਸਿੰਘ ਔਲਖ ਪੁੱਤਰ ਬਲਜੀਤ ਸਿੰਘ ਅੋਲਖ ਵਾਸੀ ਕਬੀਰ ਪਾਰਕ ਨਾਲ ਹੋਇਆ ਸੀ। ਵਿਆਹ ਦੌਰਾਨ ਪੇਕੇ ਪਰਿਵਾਰ ਨੇ ਆਪਣੀ ਹੈਸੀਅਤ ਤੋਂ ਵੱਧ ਖਰਚਾ ਕੀਤਾ ਤੇ ਦਾਜ ਵੀ ਦਿੱਤਾ ਸੀ, ਪਰ ਵਿਆਹ ਤੋਂ ਕੁਝ ਚਿਰਾਂ ਬਾਅਦ ਹੀ ਉਸ ਦੇ ਪਤੀ ਅੰਗਦਦੀਪ ਤੇ ਸਹੁਰਾ ਪਰਿਵਾਰ ਨੇ ਦਾਜ ਦੇ ਰੂਪ 'ਚ ਕਾਰ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਸ ਨੇ ਕਾਰ ਲਿਆਉਣ ਤੋਂ ਮਨ੍ਹਾਂ ਕੀਤਾ ਤਾਂ ਉਸ ਦੇ ਸਹੁਰਾ ਪਰਿਵਾਰ ਨੇ ਪਰਨੀਤ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਪਤੀ ਤੇ ਸਹੁਰੇ ਪਰਿਵਾਰ ਨੇ ਉਸ ਨੂੰ ਬਹਾਨੇ ਨਾਲ ਪੇਕੇ ਘਰ ਭੇਜ ਦਿੱਤਾ ਤੇ ਪਿੱਛੋਂ ਸਾਰਾ ਪਰਿਵਾਰ ਕੈਨੇਡਾ ਭੱਜ ਗਿਆ, ਜਿਸ ਤੋਂ ਬਾਅਦ ਕੁਝ ਚਿਰ ਪਤੀ ਅੰਗਦਦੀਪ ਤੇ ਸਹੁਰੇ ਪਰਿਵਾਰ ਨੇ ਫੋਨ 'ਤੇ ਰਾਬਤਾ ਰੱਖਿਆ ਪਰ ਬਾਅਦ ਵਿਚ ਉਸ ਨਾਲ ਫੋਨ 'ਤੇ ਗੱਲ ਕਰਨੀ ਵੀ ਬੰਦ ਕਰ ਦਿੱਤੀ। 

ਉਸ ਨੇ ਸਹੁਰਾ ਪਰਿਵਾਰ ਨਾਲ ਵਿਦੇਸ਼ ਗੱਲ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਤੇ ਰਿਸ਼ਤੇਦਾਰਾਂ ਨਾਲ ਸੰਪਰਕ ਵੀ ਕੀਤਾ ਪਰ ਕੋਈ ਗੱਲਬਾਤ ਸਿਰੇ ਨਹੀਂ ਚੜ੍ਹੀ, ਜਿਸ ਤੋਂ ਬਾਅਦ ਐੱਸਐੱਸਪੀ ਨੂੰ ਲਿਖਤੀ ਦਰਖ਼ਾਸਤ ਦਿੱਤੀ ਜੋ ਕਿ ਵੈਰੋਵਾਲ ਥਾਣਾ ਵਿਚ ਮਾਰਕ ਕੀਤੀ ਗਈ।ਪਰਨੀਤ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਉਸ ਦਾ ਸਹੁਰਾ ਪਰਿਵਾਰ ਵਾਪਸ ਭਾਰਤ ਪਰਤਿਆ, ਜਿਸ ਦੀ ਖਬਰ ਮਿਲਦਿਆਂ ਹੀ ਉਹ ਸਹੁਰੇ ਘਰ ਪੁੱਜੀ ਪਰ ਉਸ ਨੂੰ ਘਰ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤਕ ਦਾਜ ਦੀ ਮੰਗ ਪੂਰੀ ਨਹੀਂ ਕੀਤੀ ਜਾਵੇਗੀ, ਉਹ ਉਸ ਨਾਲ ਕੋਈ ਸੰਪਰਕ ਨਹੀਂ ਰੱਖਣਗੇ। ਇਸ ਸਬੰਧੀ ਥਾਣਾ ਛੇਹਰਟਾ ਵਿਚ ਵੀ ਲਿਖਤੀ ਦਰਖ਼ਾਸਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਤਾਂ ਥਾਣਾ ਮੁਖੀ ਨੇ ਵੀ ਰਾਜਨੀਤਕ ਦਬਾਅ ਕਾਰਨ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ, ਉਲਟਾ ਘਰ ਦੇ ਬਾਹਰ ਬੈਠਣ ਦੇ ਜੁਰਮ ਵਿਚ ਬੰਦ ਕਰਨ ਦੀ ਧਮਕੀ ਦਿੱਤੀ। ਪਰਨੀਤ ਨੇ ਦੱਸਿਆ ਕਿ ਉਸ ਦਾ ਸਹੁਰਾ ਪਰਿਵਾਰ ਮੁੜ ਬਾਹਰ ਭੱਜਣ ਦੀ ਫ਼ਿਰਾਕ 'ਚ ਹੈ। 

ਬੀਤੀ ਰਾਤ ਵੀ ਉਸ ਦਾ ਸਹੁਰਾ ਪਰਿਵਾਰ ਚੋਰੀ-ਛੁਪੇ ਕੋਠੀ ਅੰਦਰ ਦਾਖ਼ਾਲ ਹੋ ਰਹੇ ਸਨ ਤਾਂ ਜੋ ਪਾਸਪੋਰਟ ਲੈ ਕੇ ਫਰਾਰ ਹੋ ਸਕਣ। ਜਦ ਸਹੁਰਾ ਪਰਿਵਾਰ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੀ ਕਾਰ ਉੱਥੇ ਛੱਡ ਕੇ ਹੀ ਫਰਾਰ ਹੋ ਗਏ ਜਿਸ ਕਾਰਨ ਉਨ੍ਹਾਂ ਦੇ ਵਿਦੇਸ਼ ਭੱਜਣ ਦੇ ਮਨਸੂਬੇ ਨਾਕਾਮ ਹੋ ਗਏ। ਉਨ੍ਹਾਂ ਪੁਲਸ ਦੇ ਉਚ ਅਧਿਕਾਰੀਆ ਤੋਂ ਮੰਗ ਕੀਤੀ ਕਿ ਉਹ ਇਸ ਮਾਮਲੇ ਵਿਚ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਤੇ ਇਨ੍ਹਾਂ ਦੇ ਵਿਦੇਸ਼ ਜਾਣ 'ਤੇ ਰੋਕ ਲਗਾਈ ਜਾਵੇ। ਪਰਨੀਤ ਕੌਰ ਨੇ ਦੱਸਿਆ ਕਿ ਜਦ ਤਕ ਉਸ ਨੂੰ ਇਨਸਾਫ਼ ਨਹੀ ਮਿਲਦਾ ਉਹ ਆਪਣੇ ਸਹੁਰੇ ਘਰ ਦੇ ਬਾਹਰ ਬੈਠੀ ਰਹੇਗੀ ਭਾਵੇਂ ਉਸਦੀ ਜਾਨ ਚੱਲੀ ਜਾਵੇ।ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਮਾਲੂਵਾਲ, ਦਿਆਲ ਸਿੰਘ ਜ਼ੋਨ ਪ੍ਰਧਾਨ ਖਡੂਰ ਸਾਹਿਬ, ਜਗੀਰ ਸਿੰਘ ਕੋਟ ਖਾਲਸਾ, ਤਰਲੋਕ ਸਿੰਘ ਮੈਂਬਰ ਨੇ ਦੱਸਿਆ ਕਿ ਜਦ ਤਕ ਪੀੜਤ ਪਰਨੀਤ ਕੌਰ ਨੂੰ ਇਨਸਾਫ਼ ਨਹੀਂ ਮਿਲਦਾ, ਉਨ੍ਹਾਂ ਦੀ ਯੂਨੀਅਨ ਪਰਿਵਾਰ ਨਾਲ ਧਰਨੇ 'ਤੇ ਬੈਠੇਗੀ ਤੇ ਉਸ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਘਰਸ਼ ਵਿੱਢੇਗੀ।ਅੰਗਦ ਸਿੰਘ ਔਲਖ ਦੇ ਦਾਦਾ ਨੇ ਦੱਸਿਆ ਕਿ ਨੂੰਹ ਪਰਨੀਤ ਕੌਰ ਨਾਲ ਕੋਈ ਧੋਖਾ ਨਹੀਂ ਕੀਤਾ ਜਾ ਰਿਹਾ ਹੈ ਬਲਕਿ ਉਸ ਦੇ ਵਿਦੇਸ਼ ਜਾਣ ਦੇ ਦਸਤਾਵੇਜ਼ ਤਿਆਰ ਕਰਵਾਏ ਜਾ ਰਹੇ ਹਨ। ਪਰਨੀਤ ਦਾ ਪੇਕਾ ਪਰਿਵਾਰ ਜਲਦਬਾਜ਼ੀ ਕਰ ਰਿਹਾ ਹੈ, ਜਿਸ ਕਾਰਨ ਇਹ ਸਾਰਾ ਝਗੜਾ ਹੋ ਰਿਹਾ ਹੈ।ਥਾਣਾ ਮੁਖੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਦੋਵਾਂ ਧਿਰਾਂ ਵਿਚਕਾਰ ਗੱਲਬਾਤ ਚੱਲ ਰਹੀ ਹੈ ਜੇਕਰ ਕੋਈ ਫੈਸਲਾ ਨਹੀਂ ਹੋਇਆ ਤਾਂ ਜੋ ਬਣਦੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ। 

More News

NRI Post
..
NRI Post
..
NRI Post
..