ਵੈੱਬ ਡੈਸਕ (ਵਿਕਰਮ ਸਹਿਜਪਾਲ) : ਬਹੁਜਨ ਸਮਾਜ ਪਾਰਟੀ ਨੇ ਸਮਾਜਵਾਦੀ ਪਾਰਟੀ ਨਾਲ ਆਪਣਾ ਗੱਠਜੋੜ ਤੋੜ ਲਿਆ ਹੈ। ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਇਸ ਗੱਲ ਦਾ ਐਲਾਨ ਕਰਦਿਆਂ ਕਿਹਾ ਕਿ ਬਸਪਾ ਛੋਟੀਆਂ ਤੇ ਵੱਡੀਆਂ ਚੋਣਾਂ ਆਪਣੇ ਦਮ 'ਤੇ ਲੜੇਗੀ। ਮਾਇਵਤੀ ਨੇ ਟਵੀਟ ਕਰਦਿਆਂ ਕਿਹਾ, "ਲੋਕ ਸਭਾ ਆਮ ਚੋਣਾਂ ਤੋਂ ਬਾਅਦ ਸਪਾ ਦਾ ਰਵੱਈਆ ਬਸਪਾ ਨੂੰ ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਕੀ ਅਜਿਹਾ ਕਰਕੇ ਬੀਜੇਪੀ ਨੂੰ ਅੱਗੇ ਹਰਾਉਣਾ ਸੰਭਵ ਹੋਵੇਗਾ? ਜੋ ਸੰਭਵ ਨਹੀਂ ਹੈ, ਇਸ ਲਈ ਪਾਰਟੀ ਹੁਣ ਅੱਗੇ ਆਉਣ ਵਾਲੀਆਂ ਛੋਟੀਆਂ-ਵੱਡੀਆਂ ਚੋਣਾਂ ਇਕੱਲਿਆਂ ਹੀ ਆਪਣੇ ਦਮ 'ਤੇ ਲੜੇਗੀ।"
ਜ਼ਿਕਰਯੋਗ ਹੈ ਕਿ ਮਾਇਆਵਤੀ ਨੇ ਐਤਵਾਰ ਨੂੰ ਪਾਰਟੀ ਦੀ ਬੈਠਕ ਵਿੱਚ ਸਪਾ ਦੇ ਪ੍ਰਧਾਨ ਅਖਿਲੇਸ਼ ਯਾਦਵ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਸੀ, "ਮੈਂ ਲੋਕ ਸਭਾ ਚੋਣਾਂ ਦੀ ਗਿਣਤੀ ਵਾਲੇ ਦਿਨ ਅਖੀਲੇਸ਼ ਨੂੰ ਫ਼ੋਨ ਕੀਤਾ ਸੀ ਪਰ ਉਸ ਨੇ ਮੇਰਾ ਫ਼ੋਨ ਨਹੀਂ ਚੱਕਿਆ। ਇਸ ਤੋਂ ਬਾਅਦ ਜਦੋਂ ਪਾਰਟੀ ਨੇ ਵਿਧਾਨਸਭਾ ਚੋਣਾਂ ਇਕੱਲਿਆਂ ਲੜਨ ਦਾ ਫ਼ੈਸਲਾ ਕੀਤਾ ਤਾਂ ਅਖਿਲੇਸ਼ ਯਾਦਵ ਨੇ ਬਸਪਾ ਆਗੂ ਸਤੀਸ਼ ਚੰਦਰ ਨੂੰ ਬੁਲਾਇਆ ਪਰ ਮੇਰੇ ਨਾਲ ਗੱਲ ਨਹੀਂ ਕੀਤੀ।" ਮਾਇਆਵਤੀ ਨੇ ਅਖਿਲੇਸ਼ ਨੂੰ ਮੁਸਲਮਾਨ ਵਿਰੋਧੀ ਦੱਸਿਆ।
ਮਾਇਆਵਤੀ ਨੇ ਕਿਹਾ ਕਿ ਅਖਿਲੇਸ਼ ਯਾਦਵ ਨੇ ਉਨ੍ਹਾਂ ਨੂੰ ਮੁਸਲਮਾਨਾਂ ਨੂੰ ਟਿਕਟ ਨਾ ਦੇਣ ਲਈ ਕਿਹਾ ਸੀ ਪਰ ਉਨ੍ਹਾਂ ਅਖਿਲੇਸ਼ ਦੀ ਗੱਲ ਨਹੀਂ ਸੁਣੀ। ਮਾਇਆਵਤੀ ਨੇ ਇਸ ਮੀਟਿੰਗ ਵਿੱਚ ਕਈ ਐਲਾਨ ਕੀਤੇ। ਉਨ੍ਹਾਂ ਆਪਣੇ ਭਰਾ ਅਨੰਦ ਕੁਮਾਰ ਨੂੰ ਬਸਪਾ ਦਾ ਕੌਮੀ ਉਪ ਪ੍ਰਧਾਨ ਅਤੇ ਭਤੀਜੇ ਅਕਾਸ਼ ਅਨੰਦ ਨੂੰ ਕੌਮੀ ਕੋਆਰਡੀਨੇਟਰ ਬਣਾਇਆ। ਇਸ ਤੋਂ ਇਲਾਵਾ ਦਾਨਿਸ਼ ਅਲੀ ਨੂੰ ਲੋਕ ਸਭਾ ਵਿੱਚ ਬਹੁਜਨ ਸਮਾਜਵਾਦੀ ਪਾਰਟੀ ਦਾ ਆਗੂ ਬਣਾਇਆ ਹੈ।



