ਮਜੀਠਾ : ਕਸਬਾ ਮਜੀਠਾ ਵਿਖੇ ਪ੍ਰੇਮ ਸਬੰਧਾਂ ਕਾਰਨ ਅੱਜ ਸਿਖਰ ਦੁਪਹਿਰੇ ਭੀੜ ਭਰੀ ਸੜਕ 'ਤੇ ਇਕ ਨਾਬਾਲਗ ਲੜਕੀ ਅਤੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਕੱਥੂਨੰਗਲ ਰੋਡ ਸਥਿਤ ਸਤਿਗੁਰੂ ਪਬਲਿਕ ਸਕੂਲ ਨੇੜੇ ਨਾਬਾਲਗ ਲੜਕੀ ਅਨੂੰ ਪੁੱਤਰੀ ਦਿਲਬਾਗ ਸਿੰਘ ਉਰਫ਼ ਬਾਗਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਉਪਰੰਤ ਪੰਜਾਬ ਐਂਡ ਸਿੰਧ ਬੈਂਕ ਸਾਹਮਣੇ ਪਵਨ ਪੁੱਤਰ ਰਾਜਪਾਲ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਅਨੂੰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਲੜਕੇ ਪਵਨ ਨੂੰ ਜ਼ਖ਼ਮੀ ਹਾਲਤ 'ਚ ਅੰਮ੍ਰਿਤਸਰ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਉਸ ਦੀ ਮੌਤ ਹੋ ਗਈ।
ਲੜਕੇ ਪਵਨ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਉਂਦਿਆ ਦੱਸਿਆ ਕਿ ਲੜਕੀ ਦੇ ਪਰਿਵਾਰਕ ਮੈਂਬਰ ਸਾਡੇ ਘਰ ਆ ਕੇ ਸਾਡੇ ਲੜਕੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਸ ਦੀ ਧੌਣ ਕਾਫੀ ਹੱਦ ਤਕ ਵੱਢੀ ਗਈ। ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ ਪਰ ਜ਼ਖ਼ਮ ਜ਼ਿਆਦਾ ਹੋਣ ਕਰਕੇ ਉਹ ਅਖੀਰ ਦਮ ਤੋੜ ਗਿਆ।ਓਧਰ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡੀ ਲੜਕੀ ਬਾਹਰ ਪਸ਼ੂਆਂ ਦੀ ਦੇਖ-ਰੇਖ ਵਾਸਤੇ ਗਈ ਸੀ ਕਿ ਘਰ ਦੇ ਬਾਹਰ ਸੜਕ ਕਿਨਾਰੇ ਉਸ ਦਾ ਕਤਲ ਕਰ ਦਿੱਤਾ ਗਿਆ।

ਜਾਣਕਾਰੀ ਮੁਤਾਬਕ ਇਨ੍ਹਾਂ ਕਤਲਾਂ ਦਾ ਕਾਰਨ ਲੜਕੇ-ਲੜਕੀ ਦੇ ਪ੍ਰੇਮ ਸਬੰਧ ਹਨ। ਡੀਐੱਸਪੀ ਰਵਿੰਦਰ ਸਿੰਘ, ਐੱਸਐੱਚਓ ਹਰਕੀਰਤ ਸਿੰਘ ਨੇ ਇਤਲਾਹ ਮਿਲਣ 'ਤੇ ਆਪਣੀ ਪਾਰਟੀ ਨਾਲ ਮੌਕੇ 'ਤੇ ਪੁੱਜ ਕੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਸੜਕ ਕੰਢੇ ਪਈ ਲੜਕੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਆਰੰਭ ਦਿੱਤੀ।ਡੀਐਸਪੀ ਰਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਕਾਹਲੀ ਵਿਚ ਦੱਸਿਆ ਕਿ ਕਤਲ ਕਰਨ ਵਾਲੇ ਵਿਅਕਤੀਆਂ ਦਾ ਜਲਦੀ ਪਤਾ ਲਗਾ ਲਿਆ ਜਾਵੇਗਾ ਅਤੇ ਕਾਤਲ ਜਲਦ ਪੁਲਿਸ ਦੀ ਗ੍ਰਿਫ਼ਤ 'ਚ ਹੋਣਗੇ। ਕਾਤਲਾਂ ਨੂੰ ਫੜਨ ਵਾਸਤੇ ਪੁਲਿਸ ਪਾਰਟੀਆਂ ਵੱਖ-ਵੱਖ ਦਿਸ਼ਾਵਾਂ ਵੱਲ ਰਵਾਨਾ ਕਰ ਦਿੱਤੀਆਂ ਗਈਆਂ ਅਤੇ ਸੀਸੀਟੀਵੀ ਕੈਮਰਿਆਂ ਦੀ ਵੀ ਮਦਦ ਲਈ ਜਾ ਰਹੀ ਹੈ।



