ਬਰਮਿੰਘਮ ਡੈਸਕ (ਵਿਕਰਮ ਸਹਿਜਪਾਲ) : ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਦੀ ਖਤਰਨਾਕ ਗੇਂਦਬਾਜ਼ੀ ਅਤੇ ਬਾਬਰ ਆਜ਼ਮ ਦੇ ਵਨ ਡੇ ਵਿਚ 10ਵੇਂ ਸੈਂਕੜੇ ਦੀ ਮਦਦ ਨਾਲ ਪਾਕਿਸਤਾਨ ਨੇ ਨਿਊਜ਼ੀਲੈਂਡ ਦੇ ਜੇਤੂ ਅਭਿਆਨ 'ਤੇ ਰੋਕ ਲਾ ਕੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਉਸ ਨੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ।
ਸ਼ਾਹੀਨ ਨੇ 10 ਓਵਰਾਂ ਵਿਚ 28 ਦੌੜਾਂ ਦੇ ਕੇ 3 ਵਿਕਟਾਂ ਲਈਆਂ ਅਤੇ ਨਿਊਜ਼ੀਲੈਂਡ ਨੂੰ 6 ਵਿਕਟਾਂ 'ਤੇ 237 ਦੌੜਾਂ 'ਤੇ ਰੋਕਣ ਵਿਚ ਅਹਿਮ ਭੂਮਿਕਾ ਨਿਭਾਈ। ਪਾਕਿਸਤਾਨ ਨੇ 49.1 ਓਵਰਾਂ ਵਿਚ 4 ਵਿਕਟਾਂ 'ਤੇ 241 ਦੌੜਾਂ ਬਣਾ ਕੇ ਆਪਣੀ ਤੀਜੀ ਜਿੱਤ ਦਰਜ ਕੀਤੀ। ਉਸ ਦੇ ਹੁਣ ਤਕ 7 ਮੈਚਾਂ ਵਿਚ 7 ਅੰਕ ਹੋ ਗਏ ਹਨ। ਨਿਊਜ਼ੀਲੈਂਡ ਦੇ 7 ਮੈਚਾਂ ਵਿਚ 11 ਅੰਕ ਹਨ। ਉਹ ਅਜੇ ਵੀ ਦੂਜੇ ਸਥਾਨ 'ਤੇ ਬਣਿਆ ਹੋਇਆ ਹੈ।



