ਫਿਲਪੀਨਜ਼ (ਵਿਕਰਮ ਸਹਿਜਪਾਲ) : ਸ਼ੁੱਕਰਵਾਰ ਨੂੰ ਦੱਖਣੀ ਫਿਲਪੀਨਜ਼ ਵਿਚ ਸੁਲੂ ਸੂਬੇ ਦੇ ਇਦਨਾਨ ਸ਼ਹਿਰ ਵਿਚ ਫੌਜੀ ਕੈਂਪ 'ਚ ਬੰਬ ਧਮਾਕਾ ਹੋ ਗਿਆ, ਜਿਸ 'ਚ 3 ਫੌਜੀਆਂ ਸਣੇ 5 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 9 ਹੋਰ ਜ਼ਖਮੀ ਹੋ ਗਏ। ਦੱਸ ਦਈਏ ਕਿ ਅਜੇ ਤੱਕ ਕਿਸੇ ਵੀ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਫੌਜੀ ਬੁਲਾਰੇ ਲੈਫਟੀਨੈਂਟ ਕਰਨਲ ਰਮੋਨ ਜਗਲਾ ਨੇ ਦੱਸਿਆ ਕਿ ਮ੍ਰਿਤਕਾਂ ਵਿਚ ਦੋ ਆਮ ਨਾਗਰਿਕ ਵੀ ਸ਼ਾਮਲ ਹਨ।
ਫੌਜ ਨੇ ਫਿਰੌਤੀ ਲਈ ਅਗਵਾ, ਬੰਬ ਧਮਾਕੇ, ਸੁਰੱਖਿਆ ਦਸਤਿਆਂ ਦੇ ਜਵਾਨਾਂ 'ਤੇ ਸੰਨ੍ਹ ਲਗਾ ਕੇ ਹਮਲਾ ਕਰਨ ਲਈ ਕਥਿਤ ਅਬੂ ਸੈਯਾਫ ਦੇ ਅੱਤਵਾਦੀਆਂ 'ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਹਮਲੇ ਦਾ ਮਕਸਦ ਹਾਲ ਦੇ ਦਿਨਾਂ ਵਿਚ ਇਸ ਇਲਾਕੇ ਵਿਚ ਸ਼ੁਰੂ ਕੀਤੀਆਂ ਗਈਆਂ ਸੁਰੱਖਿਆ ਮੁਹਿੰਮਾਂ ਵਿਚ ਅੜਿੱਕਾ ਪਾਉਣਾ ਹੈ। ਅਸੀਂ ਤਹੱਈਆ ਕਰਦੇ ਹਾਂ ਕਿ ਇਸ ਹਮਲੇ ਦਾ ਮੂੰਹਤੋੜ ਜਵਾਬ ਦਿਆਂਗੇ।



