ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਚੰਗੀ ਖ਼ਬਰ

by

ਕਟਰਾ (UNITED NRI POST) : ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ (ਟ੍ਰਾਈਸਿਟੀ) ਦੇ ਲੋਕਾਂ ਲਈ ਵੀ ਚੰਗੀ ਖ਼ਬਰ ਹੈ। ਆਧੁਨਿਕ ਸਹੂਲਤਾਂ ਨਾਲ ਲੈਸ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਸਿਰਫ਼ ਛੇ ਘੰਟਿਆਂ 'ਚ ਅੰਬਾਲਾ ਤੋਂ ਕੱਟੜਾ ਰੇਲਵੇ ਸਟੇਸ਼ਨ ਪਹੁੰਚ ਜਾਵੇਗੀ। ਇਸ ਨਵੀਂ ਟ੍ਰੇਨ ਦਾ ਟ੍ਰਾਈਸਿਟੀ ਦੇ ਲੋਕ ਵੀ ਫਾਇਦਾ ਉਠਾ ਸਕਦੇ ਹਨ। ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਨਾਲ ਅੰਬਾਲਾ ਦੀ ਚੰਗੀ ਕੁਨੈਕਟੀਵਿਟੀ ਹੋਣ ਕਾਰਨ ਯਾਤਰੀ ਇਸ ਟ੍ਰੇਨ ਦਾ ਲਾਭ ਉਠਾ ਸਕਣਗੇ। ਚੰਡੀਗੜ੍ਹ ਤੋਂ ਸਿਰਫ਼ 45 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਅੰਬਾਲਾ ਰੇਲਵੇ ਸਟੇਸ਼ਨ 'ਤੇ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਦਾ ਸਟਾਪੇਜ ਬਣਾਇਆ ਗਿਆ ਹੈ। ਅੰਬਾਲਾ 'ਚ ਇਸ ਟ੍ਰੈਨ ਦਾ ਦੋ ਮਿੰਟ ਦਾ ਸਟਾਪੇਜ ਹੈ। 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀ ਇਸ ਟ੍ਰੇਨ ਰਾਹੀਂ ਯਾਤਰੀ ਮਹਿਜ਼ ਛੇ ਘੰਟਿਆਂ ਅੰਦਰ ਅੰਬਾਲਾ ਤੋਂ ਕੱਟੜਾ ਪਹੁੰਚ ਸਕਣਗੇ। ਇਸ ਟ੍ਰੇਨ ਦੀ ਸ਼ੁਰੂਆਤ ਨਵੀਂ ਦਿੱਲੀ ਤੋਂ ਹੋਵੇਗੀ। 

ਜਲਦ ਹੀ ਨਵੀਂ ਦਿੱਲੀ ਤੋਂ ਕੱਟੜਾ ਵਿਚਕਾਰ ਟੀ-18 ਦਾ ਟ੍ਰਾਇਲ ਸ਼ੁਰੂ ਹੋਵੇਗਾ। ਇਸ ਸਬੰਧੀ ਰੇਲਵੇ ਬੋਰਡ ਨੇ ਉੱਤਰੀ ਰੇਲਵੇ ਨੂੰ ਨਿਰਦੇਸ਼ ਜਾਰੀ ਕਰ ਦਿੱਤਾ ਹੈ। ਟ੍ਰਾਇਲ ਰਨ ਸਫ਼ਲ ਰਹਿਣ ਤੋਂ ਬਾਅਦ ਇਸ ਨੂੰ ਇਸ ਰੂਟ 'ਤੇ ਚਲਾਉਣ ਦਾ ਐਲਾਨ ਕੀਤਾ ਜਾਵੇਗਾ। ਅੰਬਾਲਾ ਤੋਂ ਬਾਅਦ ਲੁਧਿਆਣਾ ਅਤੇ ਜੰਮੂ-ਤਵੀ ਸਟਾਪੇਜ ਬਣਾਏ ਹਨ। ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਨਵੀਂ ਦਿੱਲੀ ਤੋਂ ਵਾਰਾਨਸੀ ਵਿਚਕਾਰ ਚੱਲ ਰਹੀ ਹੈ। ਹੁਣ ਇਸ ਨੂੰ ਨਵੀਂ ਦਿੱਲੀ ਤੋਂ ਕੱਟੜਾ ਵਿਚਕਾਰ ਚਲਾਉਣ ਦੀ ਤਿਆਰੀ ਹੈ। ਰਾਹ ਵਿਚ ਇਸ ਦਾ ਤਿੰਨ ਜਗ੍ਹਾ ਠਹਿਰਾਅ ਹੋਵੇਗਾ। 


ਨਵੀਂ ਦਿੱਲੀ ਤੋਂ ਚੱਲਣ ਮਗਰੋਂ ਇਹ ਅੰਬਾਲਾ, ਲੁਧਿਆਣਾ ਅਤੇ ਜੰਮੂ-ਤਵੀ ਰੁਕੇਗੀ। ਫ਼ਿਲਹਾਲ ਅੰਬਾਲਾ ਤੋਂ ਕੱਟੜਾ ਵਿਚਕਾਰ ਦਾ ਸਫ਼ਰ ਲਗਪਗ ਨੌਂ ਤੋਂ 10 ਘੰਟੇ ਦਾ ਹੈ। ਇਸ ਟ੍ਰੇਨ ਦੇ ਸ਼ੁਰੂ ਹੋ ਜਾਣ ਨਾਲ ਯਾਤਰੀ ਸਿਰਫ਼ ਛੇ ਘੰਟੇ 'ਚ ਹੀ ਕੱਟੜਾ ਪਹੁੰਚ ਜਾਣਗੇ। ਵੰਦੇ ਭਾਰਤ ਨਵੀਂ ਦਿੱਲੀ ਤੋਂ ਸਵੇਰੇ ਛੇ ਵਜੇ ਨਵੀਂ ਦਿੱਲੀ ਤੋਂ ਰਵਾਨਾ ਹੋਵੇਗੀ ਅਤੇ ਸਵੇਰੇ 8.10 ਵਜੇ ਅੰਬਾਲਾ ਜੰਕਸ਼ਨ ਪਹੁੰਚੇਗੀ ਅਤੇ ਉੱਥੋਂ 8.12 ਵਜੇ ਰਵਾਨਾ ਹੋਵੇਗੀ। 

ਸਵੇਰੇ 9.22 ਵਜੇ ਲੁਧਿਆਣਾ ਪਹੁੰਚ ਕੇ ਉੱਥੋਂ 9.24 ਵਜੇ ਰਵਾਨਾ ਹੋਵੇਗੀ। ਦੁਪਹਿਰੇ 12.40 ਵਜੇ ਟ੍ਰੇਨ ਜੰਮੂ-ਤਵੀ ਅਤੇ ਦੁਪਹਿਰੇ ਦੋ ਵਜੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਸਟੇਸ਼ਨ ਪਹੁੰਚੇਗੀ। ਵਾਪਸੀ ਵੇਲੇ ਵੰਦੇ ਭਾਰਤ ਦੁਪਹਿਰ ਤਿੰਨ ਵਜੇ ਕੱਟੜਾ ਤੋਂ ਚੱਲੇਗੀ ਅਤੇ ਸ਼ਾਮ 4.18 ਵਜੇ ਜੰਮੂ-ਤਵੀ ਪਹੁੰਚੇਗੀ। ਉੱਥੋਂ 4.20 ਵਜੇ ਰਵਾਨਾ ਹੋ ਕੇ ਲੁਧਿਆਣਾ ਸ਼ਾਮ 7.36 ਵਜੇ ਪਹੁੰਚੇਗੀ ਅਤੇ 7.38 'ਚ ਰਵਾਨਾ ਹੋਵੇਗਾ। ਸ਼ਾਮ 8.56 ਵਜੇ ਅੰਬਾਲਾ ਪਹੁੰਚ ਕੇ 8.58 ਵਜੇ ਰਵਾਨਾ ਹੋਵੇਗੀ ਰਾਤ 11 ਵਜੇ ਨਵੀਂ ਦਿੱਲੀ ਪਹੁੰਚੇਗੀ। ਚੰਡੀਗੜ੍ਹ ਤੋਂ ਕੱਟੜਾ ਲਈ ਫ਼ਿਲਹਾਲ ਇੱਕੋ ਟ੍ਰੇਨ ਉਪਲਬਧ ਸੀ। ਉਹ ਵੀ ਹਫ਼ਤੇ 'ਚ ਦੋ ਦਿਨ। ਇਸ ਕਾਰਨ ਜ਼ਿਆਦਾਤਰ ਯਾਤਰੀਆਂ ਨੂੰ ਅੰਬਾਲਾ ਤੋਂ ਕੱਟੜਾ ਲਈ ਟ੍ਰੇਨ ਲੈਣੀ ਪੈਂਦੀ ਸੀ। ਪਰ ਹੁਣ ਵੰਦੇ ਮਾਤਰਮ ਐਕਸਪ੍ਰੈੱਸ ਸ਼ੁਰੂ ਹੋਣ ਨਾਲ ਚੰਡੀਗੜ੍ਹ ਦੇ ਲੋਕਾਂ ਨੂੰ ਦੂਸਰਾ ਬਦਲ ਵੀ ਮਿਲ ਜਾਵੇਗਾ। ਮੌਜੂਦਾ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਕੱਟੜਾ ਲਈ ਟ੍ਰੇਨ ਨੰਬਰ-14503 ਸੰਚਾਲਤ ਕੀਤੀ ਜਾਂਦੀ ਹੈ ਜੋ ਚੰਡੀਗੜ੍ਹ ਤੋਂ ਸ਼ਾਮ 7.55 ਵਜੇ ਰਵਾਨਾ ਹੁੰਦੀ ਹੈ। ਇਹ ਟ੍ਰੇਨ ਅਗਲੇ ਦਿਨ ਵੈਸ਼ਨੋ ਦੇਵੀ ਕੱਟੜਾ ਸਟੇਸ਼ਨ ਸਵੇਰੇ 4.35 ਵਜੇ ਪਹੁੰਚਦੀ ਹੈ। ਚੰਡੀਗੜ੍ਹ ਤੋੰ ਇਹ ਟ੍ਰੇਨ ਹਫ਼ਤੇ 'ਚ ਦੋ ਦਿਨ ਮੰਗਲਵਾਰ ਤੇ ਸ਼ੁੱਕਰਵਾਰ ਨੂੰ ਹੈ।

More News

NRI Post
..
NRI Post
..
NRI Post
..