ਓਟਾਵਾ , 01 ਜੁਲਾਈ ( NRI MEDIA )
ਕੈਨੇਡਾ ਡੇ ਕੈਨੇਡਾ ਦੀ ਇਕ ਸੰਵੈਧਾਨਿਕ ਛੁੱਟੀ ਹੈ ਅਤੇ ਇਹ ਦਿਨ ਕੈਨੇਡਾ ਦੀ ਸਾਲਗਿਰਹ ਦੇ ਵੱਜੋਂ ਜਾਣਿਆ ਜਾਂਦਾ ਹੈ , ਇਸ ਮੌਕੇ ਉਤੇ ਸਾਰੇ ਸਕੂਲ, ਕਾਲਜ ਅਤੇ ਸਰਕਾਰੀ ਥਾਵਾਂ' ਤੇ ਛੁਟੀ ਹੁੰਦੀ ਹੈ , ਲੋਕ ਆਪਣੇ ਦੇਸ਼ ਦੇ ਵਿਰਸੇ ਦਾ ਮਾਨ ਕਰਦੇ ਹੋਏ ਇਸ ਦਿਨ ਨੂੰ ਬਹੁਤ ਹੀ ਉਤਸ਼ਾਹ ਨਾਲ ਮਨਾਉਂਦੇ ਹਨ ਅਤੇ ਲੋਕ ਇਸ ਜਸ਼ਨ ਵਿਚ ਹਿੱਸਾ ਲੈਂਦੇ ਹਨ , ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਖਾਸ ਦਿਨ ਦਾ ਇਤਿਹਾਸਿਕ ਪਿਛੋਕੜ ਕਿ ਕੈਨੇਡਾ ਡੇ ਕਿਉਂ ਅਤੇ ਕਿਸ ਤਰ੍ਹਾਂ ਮਨਾਇਆ ਜਾਂਦਾ ਹੈ।
ਕੈਨੇਡਾ ਦਾ ਇਤਿਹਾਸ:
ਇਹ ਦਿਨ ਹਰ ਸਾਲ 1 ਜੁਲਾਈ ਨੂੰ ਕੈਨੇਡਾ ਦੀ ਸਾਲਗਿਰਹ ਵੱਜੋਂ ਮਨਾਇਆ ਜਾਂਦਾ ਹੈ , ਸੰਵਿਧਾਨ ਐਕਟ, 1867 ਜਿਸਨੂੰ ਕਿ ਬ੍ਰਿਟਿਸ਼ ਉਤਰੀ ਅਮਰੀਕਾ ਐਕਟ, 1867 ਵੱਜੋਂ ਵੀ ਜਾਣਿਆ ਜਾਂਦਾ ਹੈ , ਇਸਦੇ ਤਹਿਤ ਤਿੰਨ ਵੱਖ ਵੱਖ ਸੂਬਿਆਂ ਕੈਨੇਡਾ, ਨਿਯੁ ਬਰੁਨਸਵਿਕ ਅਤੇ ਨੋਵਾ ਸਕੋਸ਼ਿਆ ਨੂੰ ਮਿਲਾ ਕੇ ਬ੍ਰਿਟਿਸ਼ ਸਾਮਰਾਜ ਦੇ ਵਿਚ ਇਕ ਇੱਕਲੇ ਰਾਜਨੈਤਿਕ ਦੇਸ਼ ਵਿਚ ਬਦਲ ਦਿੱਤਾ ਗਿਆ ਜਿਸਦਾ ਨਾਮ ਕੈਨੇਡਾ ਰੱਖ ਦਿੱਤਾ ਗਿਆ ਸੀ , ਅੱਜ ਦੇ ਸਮੇ ਵਿਚ ਸੀਮਾਵਾਂ ਵਧਣ ਕਾਰਨ ਕੈਨੇਡਾ ਦੇ ਵਿਚ 10 ਸੂਬੇ ਅਤੇ 3 ਹੋਰ ਖੇਤਰ ਹਨ , ਉਸ ਵੇਲੇ ਕੈਨੇਡਾ ਦੇ ਸਥਾਪਨਾ ਦਿਵਸ ਨੂੰ ਡੋਮੀਨੀਓਨ ਡੇ ਦਾ ਨਾਮ ਦਿੱਤਾ ਗਿਆ ਸੀ |
20 ਜੂਨ 1868 ਦੇ ਦਿਨ ਕੈਨੇਡਾ ਦੇ ਗਵਰਨਰ ਜਨਰਲ ਨੇ ਕਿਹਾ ਕਿ ਸਾਰੇ ਕੈਨੇਡੀਅਨ ਲੋਕਾਂ ਨੂੰ ਕਨਫੈਡਰੇਸ਼ਨ ਸਾਲਗਿਰਹ ਮਨਾਉਣੀ ਚਾਹੀਦੀ ਹੈ , ਇਸੇ ਗੱਲ ਨੂੰ ਮੱਦੇ ਨਜਰ ਰੱਖਦੇ ਹੋਏ ਸਾਲ 1897 ਦੇ ਵਿਚ ਹਰ ਸਾਲ ਦੀ 1 ਜੁਲਾਈ ਨੂੰ ਡੋਮੀਨੀਓਨ ਡੇ ਦਾ ਨਾਮ ਦਿਤਾ ਗਿਆ ਅਤੇ ਇਸਨੂੰ ਸੰਵੈਧਾਨਿਕ ਛੁਟੀ ਬਣਾ ਦਿੱਤਾ ਗਿਆ , ਗੌਰਤਲਬ ਹੈ ਕਿ, 1917 ਅਤੇ 1927 ਦੇ ਵਿਚ ਕਿਸੇ ਵੀ ਸਾਲ ਕੈਨੇਡਾ ਦੀ ਸਾਲਗਿਰਹ ਅਧਿਕਾਰਕ ਤੌਰ' ਤੇ ਨਹੀਂ ਮਨਾਈ ਗਈ ਪਰ ਇਸ ਤੋਂ ਬਾਅਦ, ਜਦ ਦੂਜਾ ਵਿਸ਼ਵ ਯੁੱਧ ਖਤਮ ਹੋਇਆ ਤਾਂ ਇਹ ਫਿਰ ਧੂਮ ਧਾਮ ਨਾਲ ਮਨਾਇਆ ਜਾਣ ਲਗ ਪਿਆ।
ਸਾਲ 1983 ਤੋਂ ਬਾਅਦ ਇਸ ਦਿਨ ਦਾ ਨਾਮ ਡੋਮੀਨੀਓਨ ਤੋਂ ਬਦਲ ਕੈਨੇਡਾ ਡੇ ਰੱਖ ਦਿਤਾ ਗਿਆ, ਜਿਕਰਯੋਗ ਹੈ ਕਿ 2006 ਤੋਂ ਬਾਅਦ ਕੈਨੇਡਾ ਡੇ ਯੂ. ਕੇ. ਦੇ ਲੰਡਨ ਵਿਖੇ ਟ੍ਰਾਫਲਗਰ ਸਕੁਏਅਰ ਦੇ ਵਿਚ ਵੀ ਮਨਾਇਆ ਜਾਂਦਾ ਹੈ।
ਹੁਣ ਗੱਲ ਕਰਦੇ ਹਾਂ ਕਿ ਇਹ ਦਿਨ ਕੈਨੇਡਾ ਦੇ ਵਿਚ ਮਨਾਇਆ ਕਿਵੇਂ ਜਾਂਦਾ ਹੈ , ਕੈਨੇਡਾ ਡੇ ਦੇ ਮੌਕੇ ਵੱਖ ਵੱਖ ਤਰ੍ਹਾਂ ਦੇ ਕਈ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ ਜੋ ਕਿ ਪਰੇਡ ਤੋਂ ਬਿਨਾਂ ਅਧੂਰੇ ਹਨ , ਇਸ ਕਰਕੇ ਦੇਸ਼ ਦੇ ਹਰ ਸ਼ਹਿਰ, ਹਰ ਕਸਬੇ ਵਿਚ ਕੈਨੇਡਾ ਡੇ ਪਰੇਡ ਹੁੰਦੀ ਹੈ , ਇਥੋਂ ਤਕ ਕਿ ਸ਼ਾਹੀ ਕੈਨੇਡੀਅਨ ਮਾਉੰਟੇਡ ਪੁਲਿਸ ਨੇ ਵੀ ਸਮੂਹ ਤਿਆਰ ਕੀਤਾ ਹੋਇਆ ਹੈ ਜਿਸਦਾ ਨਾਮ ਆਰ. ਸੀ. ਐਮ. ਪੀ. ਮਿਊਜ਼ਿਕਲ ਰਾਈਡ ਹੈ ਅਤੇ ਇਹ ਸਮੂਹ ਕੈਨੇਡੀਅਨ ਲੋਕਾਂ ਲਈ ਘੁੜਸਵਾਰੀ ਦਾ ਪ੍ਰਦਰਸ਼ਨ ਕਰਦੇ ਹਨ , ਇਸ ਤੋਂ ਇਲਾਵਾ ਕੈਨੇਡਾ ਦੇ ਓਟਾਵਾ, ਕੈਲਗਰੀ, ਟੋਰਾਂਟੋ, ਵੈਨਕੂਵਰ, ਵਿਕਟੋਰੀਆ ਅਤੇ ਮੌਂਟਰੀਅਲ ਦੇ ਵਿਚ ਪਿਕਨਿਕ ਅਤੇ ਵੱਖ ਵੱਖ ਤਰ੍ਹਾਂ ਦੇ ਜਸ਼ਨ ਮਨਾਏ ਜਾਂਦੇ ਹਨ ਅਤੇ ਰਾਤ ਨੂੰ ਪਟਾਕਿਆਂ ਦਾ ਪ੍ਰੋਗਰਾਮ ਵੀ ਹੁੰਦਾ ਹੈ , ਇਹ ਦਿਨ ਲੋਕਾਂ ਦਾ ਆਪਣੇ ਦੇਸ਼ ਪ੍ਰਤੀ ਪ੍ਰੇਮ, ਸਨਮਾਨ ਅਤੇ ਖੁਸ਼ੀ ਨੂੰ ਪ੍ਰਗਟ ਕਰਦਾ ਹੈ।



