ਲੰਡਨ ਡੈਸਕ (ਵਿਕਰਮ ਸਹਿਜਪਾਲ) : ਰਿਵਰਸਾਈਡ ਗਰਾਉਂਡ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੰਗਲੈਂਡ ਨੇ ਸੈਮੀਫ਼ਾਈਨਲ ਲਈ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 119 ਦੌੜਾਂ ਨਾਲ ਹਰਾ ਦਿੱਤਾ ਹੈ। ਇੰਗਲੈਂਡ ਆਸਟ੍ਰੇਲੀਆ ਅਤੇ ਭਾਰਤ ਤੋਂ ਬਾਅਦ ਤੀਸਰੀ ਅਜਿਹੀ ਟੀਮ ਹੈ, ਜਿਸ ਨੇ ਸੈਮੀਫ਼ਾਇਨਲ ਵਿੱਚ ਆਪਣੀ ਜਗ੍ਹਾ ਬਣਾਈ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੇ ਨਿਰਧਾਰਿਤ 50 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 305 ਦੌੜਾਂ ਬਣਾਈਆਂ। ਇਸ ਮੈਚ 'ਚ ਵੀ ਜੌਨੀ ਬੇਅਰਸਟੋ ਨੇ 106 ਦੌੜਾਂ ਬਣਾਈਆਂ।
ਪਿਛਲੇ ਮੈਚ ਦੀ ਤਰ੍ਹਾਂ ਇਸ ਵਾਰ ਵੀ ਜੈਸਨ ਰੋਏ ਨੇ 66 ਦੌੜਾਂ ਬਣਾ ਕੇ ਬੇਅਰਸਟੋ ਦਾ ਬਖ਼ੂਬੀ ਸਾਥ ਨਿਭਾਇਆ। ਨਿਊਜ਼ੀਲੈਂਡ ਵੱਲੋਂ ਟਾਮ ਲੈਥਮ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਨਹੀਂ ਚੱਲਿਆ। ਲੈਥਮ 57 ਦੌੜਾਂ ਬਣਾ ਕੇ ਆਊਟ ਹੋਏ। ਨਿਊਜ਼ੀਲੈਂਡ ਦੀ ਹਾਰ ਨਾਲ ਪਾਕਿਸਤਾਨ ਦੀ ਉਮੀਦਾਂ 'ਤੇ ਪਾਣੀ ਫ਼ਿਰ ਗਿਆ ਹੈ। ਪਾਕਿਸਤਾਨ ਨੂੰ ਆਪਣੇ ਅਗਲੇ ਮੈਚ 'ਚ ਬੰਗਲਾਦੇਸ਼ ਨੂੰ ਵੱਡੀ ਲੀਡ ਨਾਲ ਹਰਾਉਣਾ ਪਵੇਗਾ, ਜਿਸ ਤੋਂ ਬਾਅਦ ਹੀ ਉਹ ਸੈਮੀਫ਼ਾਇਨਲ 'ਚ ਪਹੁੰਚ ਸਕਦੀ ਹੈ। ਪਾਕਿਸਤਾਨ ਦਾ ਅਗਲਾ ਮੈਚ ਭਲਕੇ ਸ਼ੁੱਕਰਵਾਰ ਨੂੰ ਲਾਰਡ੍ਸ ਦੇ ਮੈਦਾਨ 'ਚ ਖੇਡਿਆ ਜਾਵੇਗਾ।

