ਵਾਸ਼ਿੰਗਟਨ (ਵਿਕਰਮ ਸਹਿਜਪਲ) : ਅਮਰੀਕਾ 'ਚ ਐੱਚ-1ਬੀ ਵੀਜ਼ਾ ਧੋਖਾਦੇਹੀ ਦੇ ਮਾਮਲੇ ਵਿਚ ਦੋ ਆਈਟੀ ਕੰਪਨੀਆਂ ਦੇ ਚਾਰ ਭਾਰਤਵੰਸ਼ੀ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਲੋਕਾਂ 'ਤੇ ਐੱਚ-1ਬੀ ਵੀਜ਼ੇ ਦੀ ਦੁਰਵਰਤੋਂ ਕਰ ਕੇ ਆਪਣੇ ਵਿਰੋਧੀਆਂ ਤੋਂ ਜ਼ਿਆਦਾ ਅਣਉਚਿਤ ਲਾਭ ਲੈਣ ਦਾ ਯਤਨ ਕਰਨ ਦਾ ਦੋਸ਼ ਹੈ। ਅਮਰੀਕਾ ਦੇ ਕਾਨੂੰਨ ਵਿਭਾਗ ਨੇ ਮੰਗਲਵਾਰ ਨੂੰ ਦੱਸਿਆ ਕਿ ਨਿਊਜਰਸੀ ਦੇ ਵਿਜੇ ਮਾਨੇ (39), ਵੈਂਕਟਰਮਨ ਮੰਨਮ (47) ਅਤੇ ਫਰਨਾਂਡੋ ਸਿਲਵਾ (53) ਅਤੇ ਕੈਲੀਫੋਰਨੀਆ ਦੇ ਸਤੀਸ਼ ਵੇਮੁਰੀ (52) 'ਤੇ ਵੀਜ਼ਾ ਧੋਖਾਦੇਹੀ ਦਾ ਦੋਸ਼ ਲੱਗਾ ਹੈ।
ਵੇਮੁਰੀ ਨੂੰ ਇਕ ਜੁਲਾਈ , ਮੰਨਮ ਅਤੇ ਸਿਲਵਾ ਨੂੰ 25 ਜੂਨ ਅਤੇ ਮਾਨੇ ਨੂੰ 27 ਜੂਨ ਨੂੰ ਅਮਰੀਕਾ ਦੀਆਂ ਅਲੱਗ-ਅਲੱਗ ਅਦਾਲਤਾਂ ਵਿਚ ਪੇਸ਼ ਕੀਤਾ ਗਿਆ ਸੀ। ਚਾਰਾਂ ਨੂੰ ਹਾਲਾਂਕਿ ਢਾਈ ਲੱਖ ਡਾਲਰ (ਕਰੀਬ 1.7 ਕਰੋੜ) ਰੁਪਏ ਦੇ ਮੁਚੱਲਕੇ 'ਤੇ ਰਿਹਾਅ ਕਰ ਦਿੱਤਾ ਗਿਆ ਹੈ ਪ੍ਰੰਤੂ ਇਨ੍ਹਾਂ ਦੋਸ਼ਾਂ ਵਿਚ ਦੋਸ਼ੀ ਪਾਏ ਜਾਣ 'ਤੇ ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪੰਜ ਸਾਲ ਦੀ ਜੇਲ੍ਹ ਅਤੇ ਢਾਈ ਲੱਖ ਡਾਲਰ ਦੇ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ।
ਇਹ ਮਾਮਲਾ ਅਜਿਹੇ ਸਮੇਂ 'ਤੇ ਸਾਹਮਣੇ ਆਇਆ ਹੈ ਜਦੋਂ ਟਰੰਪ ਪ੍ਰਸ਼ਾਸਨ ਐੱਚ-1ਬੀ ਵੀਜ਼ੇ 'ਚ ਕਟੌਤੀ ਕਰਨ ਵਿਚ ਲੱਗਾ ਹੈ। ਭਾਰਤੀ ਪੇਸ਼ੇਵਰਾਂ ਵਿਚ ਖ਼ਾਸ ਤੌਰ 'ਤੇ ਲੋਕਪ੍ਰਿਆ ਐੱਚ-1ਬੀ ਵੀਜ਼ੇ ਰਾਹੀਂ ਅਮਰੀਕੀ ਕੰਪਨੀਆਂ ਨੂੰ ਉਨ੍ਹਾਂ ਖੇਤਰਾਂ ਵਿਚ ਅਤਿਅੰਤ ਸਿੱਖਿਅਤ ਵਿਦੇਸ਼ੀ ਪੇਸ਼ੇਵਰਾਂ ਨੂੰ ਨੌਕਰੀ 'ਤੇ ਰੱਖਣ ਦੀ ਇਜਾਜ਼ਤ ਮਿਲਦੀ ਹੈ ਜਿਥੇ ਅਮਰੀਕੀ ਪੇਸ਼ੇਵਰਾਂ ਦੀ ਕਮੀ ਹੈ। ਇਸੇ ਵੀਜ਼ੇ 'ਤੇ ਦੂਜੇ ਦੇਸ਼ਾਂ ਦੇ ਪੇਸ਼ੇਵਰ ਅਮਰੀਕਾ ਪੁੱਜਦੇ ਹਨ।



