ਚੰਡੀਗੜ (UNITED NRI POST) : ਪੰਜਾਬ ਦੇ ਮੁੱਖ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਦੇ ਪਾਰਟੀ ਪ੍ਰਧਾਨ ਦਾ ਅਹੁਦਾ ਛੱਡਣ ਨੂੰ ਨਿਰਾਸ਼ਾਜਨਕ ਦੱਸਿਆ। ਉਨ੍ਹਾਂ ਉਮੀਦ ਜਤਾਈ ਕਿ ਕਾਂਗਰਸ ਵਰਕਿੰਗ ਕਮੇਟੀ ਕਿਸੇ ਯੁਵਾ ਤੇ ਊਰਜਾਵਾਨ ਨੂੰ ਪਾਰਟੀ ਦਾ ਨਵਾਂ ਪ੍ਰਧਾਨ ਚੁਣੇਗੀ। ਉਨ੍ਹਾਂ ਕਿਹਾ ਕਿ ਬਜ਼ੁਰਗ ਆਗੂਆਂ ਨੂੰ ਹੁਣ ਨੌਜਵਾਨ ਆਗੂਆਂ ਲਈ ਰਾਹ ਛੱਡਣ ਦੀ ਜ਼ਰੂਰਤ ਹੈ।
ਦੇਸ਼ 'ਚ ਨੌਜਵਾਨਾਂ ਦੀ ਗਿਣਤੀ ਨੂੰ ਦੇਖਦਿਆਂ ਕੈਪਟਨ ਨੇ ਪਾਰਟੀ ਵਰਕਿੰਗ ਕਮੇਟੀ ਤੋਂ ਮੰਗ ਕੀਤੀ ਕਿ ਉਹ ਕਿਸੇ ਨੌਜਵਾਨ ਆਗੂ ਨੂੰ ਹੀ ਪ੍ਰਧਾਨਗੀ ਅਹੁਦੇ 'ਤੇ ਬਿਠਾਏ, ਜੋ ਦੇਸ਼ ਭਰ 'ਚ ਹੇਠਲੇ ਪੱਧਰ ਤਕ ਵਰਕਰਾਂ 'ਚ ਜ਼ੋਸ਼ ਭਰ ਸਕੇ। ਕੈਪਟਨ ਨੇ ਕਿਹਾ ਕਿ ਰਾਹੁਲ ਨੇ ਪਾਰਟੀ ਨੂੰ ਹੋਰ ਉਚਾਈਆਂ 'ਤੇ ਲਿਜਾਣ ਲਈ ਨੌਜਵਾਨ ਲੀਡਰਸ਼ਿਪ ਦਾ ਰਾਹ ਦਿਖਾਇਆ ਹੈ। ਭਾਰਤ 'ਚ ਨੌਜਵਾਨਾਂ ਦੀ ਭਰਮਾਰ ਹੈ ਇਸ ਲਈ ਇਕ ਨੌਜਵਾਨ ਨੂੰ ਪਾਰਟੀ ਦੀ ਕਮਾਨ ਸੌਂਪੀ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਦੀ 65% ਆਬਾਦੀ 35 ਸਾਲ ਦੀ ਉਮਰ ਤੋਂ ਘੱਟ ਦੀ ਹੈ।
ਇਹ ਵੀ ਪੜ੍ਹੋ..!
ਕੈਪਟਨ ਨੇ ਕਿਹਾ ਕਿ ਰਾਹੁਲ ਦਾ ਅਸਤੀਫ਼ਾ ਨਿਰਾਸ਼ਾਜਨਕ ਹੈ ਤੇ ਇਹ ਪਾਰਟੀ ਲਈ ਨੁਕਸਾਨਦਾਇਕ ਹੈ। ਇਸ ਸਥਿਤੀ 'ਚ ਸਿਰਫ਼ ਕਿਸੇ ਸਰਗਰਮ ਆਗੂ ਦੀ ਅਗਵਾਈ 'ਚ ਪਾਰਟੀ ਨੂੰ ਉਚਾਈਆਂ 'ਤੇ ਲਿਜਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਪਾਰਟੀ 'ਚ ਇਕ ਨਵੀਂ ਊਰਜਾ ਦਾ ਸੰਚਾਰ ਕੀਤਾ ਹੈ ਜਿਸ ਨੂੰ ਹੋਰ ਅੱਗੇ ਵਧਾਉਣ ਦੀ ਜ਼ਰੂਰਤ ਹੈ।
ਪਾਰਟੀ ਨੂੰ ਅਜਿਹੇ ਯੁਵਾ ਆਗੂ ਦੀ ਜ਼ਰੂਰਤ ਹੈ ਜੋ ਇਕ ਵਾਰੀ ਫਿਰ ਕਾਂਗਰਸ ਨੂੰ ਦੇਸ਼ ਦੀ ਪਸੰਦੀਦਾ ਪਾਰਟੀ ਬਣਾ ਸਕੇ। ਉਨ੍ਹਾਂ ਕਿਹਾ ਕਿ ਦੂਰਦਰਸ਼ੀ ਸੋਚ ਵਾਲ ਯੁਵਾ ਆਗੂ ਹੀ ਦੇਸ਼ ਨੂੰ ਇਕ ਮਾਲਾ 'ਚ ਪਿਰੋ ਸਕਦਾ ਹੈ ਤੇ ਪਾਰਟੀ 'ਚ ਨਵੀਂ ਸੋਚ ਭਰ ਸਕਦਾ ਹੈ।



