ਬਠਿੰਡਾ : ਰਾਜਸਥਾਨ ਦੇ ਬੀਕਾਨੇਰ ਸਥਿਤ ਪ੍ਰਸਿੱਧ ਕੈਂਸਰ ਹਸਪਤਾਲ ’ਚ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਦੇ ਪਿੰਡ ਕੌਰੇਆਣਾ ਸਮੇਤ ਪਿੰਡਾਂ ਦੀ ਸੰਗਤ ਦੇ ਸਹਿਯੋਗ ਨਾਲ ਪਿਛਲੇ ਛੇ ਸਾਲਾਂ ਤੋਂ ਮਰੀਜ਼ਾਂ ਲਈ ਲਗਾਏ ਜਾ ਰਹੇ ਲੰਗਰ ਨੂੰ ਹਸਪਤਾਲ ਪ੍ਰਸ਼ਾਸਨ ਨੇ ਬੰਦ ਕਰਵਾ ਦਿੱਤਾ। ਇਸ ਮੁੱਦੇ ਨੂੰ ਹੱਲ ਕਰਵਾਉਣ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਬੀਕਾਨੇਰ ਪੁੱਜ ਗਏ। ਉਨ੍ਹਾਂ ਇਸ ਮਾਮਲੇ ਸਬੰਧੀ ਉੱਥੋਂ ਦੇ ਲੋਕ ਸਭਾ ਮੈਂਬਰ ਅਤੇ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨਾਲ ਮੁਲਾਕਾਤ ਕੀਤੀ ਹੈ।ਜ਼ਿਕਰਯੋਗ ਹੈ ਕਿ ਕੌਰੇਆਣਾ ਸਮੇਤ ਨੇੜੇ-ਤੇੜੇ ਦੇ ਦਰਜਨ ਦੇ ਕਰੀਬ ਪਿੰਡਾਂ ਦੀ ਸੰਗਤ ਵੱਲੋਂ ਸ਼੍ਰੀ ਹਰਿਕ੍ਰਿਸ਼ਨ ਵੈੱਲਫੇਅਰ ਸੁਸਾਇਟੀ ਬਣਾ ਕੇ ਪਿਛਲੇ ਕਰੀਬ ਛੇ ਸਾਲਾਂ ਤੋਂ ਬੀਕਾਨੇਰ ਦੇ ਕੈਂਸਰ ਹਸਪਤਾਲ ਦੇ ਮਰੀਜ਼ਾਂ ਲਈ ਉੱਥੋਂ ਦੀ ਇਕ ਧਰਮਸ਼ਾਲਾ 'ਚ ਲੰਗਰ ਚਲਾਇਆ ਜਾ ਰਿਹਾ ਹੈ ਜਿਸ ਵਿਚ ਰਸਦ ਤੇ ਸੇਵਾਦਾਰ ਇੱਥੋਂ ਭੇਜੇ ਜਾਂਦੇ ਸਨ।
ਧਰਮਸ਼ਾਲਾ ਦੇ ਪ੍ਰਬੰਧਕਾਂ ਵੱਲੋਂ ਬੀਤੇ ਦਿਨ ਅਚਾਨਕ ਉਕਤ ਲੰਗਰ ਚੁੱਕ ਲੈਣ ਦੇ ਲੰਗਰ ਕਮੇਟੀ ਨੂੰ ਦਿੱਤੇ ਆਦੇਸ਼ਾਂ ਉਪਰੰਤ ਉਨ੍ਹਾਂ ਵੱਲੋਂ ਕੈਂਸਰ ਹਸਪਤਾਲ ਦੇ ਪ੍ਰਬੰਧਕਾਂ ਤਕ ਪਹੁੰਚ ਕੀਤੀ ਗਈ। ਪਹਿਲਾਂ ਤਾਂ ਹਸਪਤਾਲ ਪ੍ਰਬੰਧਕਾਂ ਨੇ ਲੰਗਰ ਲਗਾਉਣ ਦੀ ਇਜਾਜ਼ਤ ਦੇ ਦਿੱਤੀ ਪਰ ਫਿਰ ਕਿਸੇ ਦਬਾਅ ਤਹਿਤ ਉੱਥੋਂ ਵੀ ਲੰਗਰ ਬੰਦ ਕਰਵਾ ਦਿੱਤਾ ਗਿਆ। ਉਕਤ ਲੰਗਰ ਲਈ ਨਗਰਾਂ ਦੇ ਲੋਕਾਂ ਵੱਲੋਂ ਰੋਟੀਆਂ ਪਕਾਉਣ ਵਾਲੀ ਮਸ਼ੀਨ ਸਮੇਤ ਲੱਖਾਂ ਰੁਪਏ ਦੀਆਂ ਹੋਰਾਂ ਮਸ਼ੀਨਾਂ ਵੀ ਖਰੀਦੀਆਂ ਗਈਆਂ ਹਨ ਜਿਨ੍ਹਾਂ ਨੂੰ ਹੁਣ ਉੱਥੋਂ ਤਬਦੀਲ ਕਰਨਾ ਵੀ ਵੱਡੀ ਮੁਸ਼ਕਿਲ ਬਣ ਗਿਆ ਹੈ।ਲੰਗਰ ਬੰਦ ਕਰਵਾਉਣ 'ਤੇ ਰੋਸ 'ਚ ਆਏ ਲੰਗਰ ਕਮੇਟੀ ਦੇ ਸੇਵਾਦਾਰਾਂ ਨੇ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਰਾਹੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਮਸਲੇ ਦੇ ਹੱਲ ਲਈ ਪਹੁੰਚ ਕੀਤੀ ਸੀ। ਬਾਦਲ ਵੱਲੋਂ ਇਸ ਸਬੰਧੀ ਬੀਕਾਨੇਰ ਤੋਂ ਲੋਕ ਸਭਾ ਮੈਂਬਰ ਅਤੇ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਸੀ ਜਿਸ 'ਤੇ ਅੱਜ ਲੰਗਰ ਕਮੇਟੀ ਨੂੰ ਨਾਲ ਲੈ ਕੇ ਸਾਬਕਾ ਵਿਧਾਇਕ ਸਿੱਧੂ ਬੀਕਾਨੇਰ ਪੁੱਜ ਗਏ ਤੇ ਉਨ੍ਹਾਂ ਸੰਸਦ ਮੈਂਬਰ ਮੇਘਵਾਲ ਨਾਲ ਮੁਲਾਕਾਤ ਕਰ ਕੇ ਲੰਗਰ ਚਲਾਏ ਜਾਣ ਦੀ ਮਨਜ਼ੂਰੀ ਦੇਣ ਦੀ ਮੰਗ ਕੀਤੀ।
ਕੇਂਦਰੀ ਮੰਤਰੀ ਨੂੰ ਇਲਾਜ ਕਰਵਾਉਣ ਲਈ ਪੁੱਜਦੇ ਪੰਜਾਬ, ਹਰਿਆਣਾ,ਰਾਜਸਥਾਨ ਤੇ ਹੋਰਨਾਂ ਸੂਬਿਆਂ ਦੇ ਲੋਕਾਂ ਨੂੰ ਮਿਲ ਰਹੀ ਖਾਣੇ ਅਤੇ ਚਾਹ-ਪਾਣੀ ਦੀ ਸਹੂਲਤ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਅਪੀਲ ਕੀਤੀ ਕਿ ਜਿੱਥੇ ਸਮੁੱਚੇ ਜਗਤ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਗੁਰੂ ਸਾਹਿਬ ਵੱਲੋਂ ਹੀ ਚਲਾਈ ਜਾ ਰਹੀ ਲੰਗਰ ਦੀ ਪ੍ਰਥਾ ਨੂੰ ਇਸ ਤਰ੍ਹਾਂ ਬੰਦ ਕਰਵਾ ਦੇਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ। ਜੇ ਲੰਗਰ ਜਲਦ ਨਾ ਚਲਾਇਆ ਗਿਆ ਤਾਂ ਇਸ ਨਾਲ ਸਿੱਖ ਸੰਗਤਾਂ 'ਚ ਰੋਸ ਦੀ ਲਹਿਰ ਪੈਦਾ ਹੋਵੇਗੀ।ਸੰਸਦ ਮੈਂਬਰ ਨੇ ਸਾਬਕਾ ਵਿਧਾਇਕ ਸਿੱਧੂ ਤੇ ਲੰਗਰ ਕਮੇਟੀ ਨੂੰ ਮਸਲੇ ਦੇ ਜਲਦ ਹੱਲ ਦਾ ਭਰੋਸਾ ਦਿੱਤਾ ਹੈ। ਉੱਧਰ ਜਾਣਕਾਰੀ ਮਿਲੀ ਹੈ ਕਿ ਫਿਲਹਾਲ ਸਾਬਕਾ ਵਿਧਾਇਕ ਸਿੱਧੂ ਨੇ ਬੀਕਾਨੇਰ ਹੀ ਡੇਰੇ ਲਾ ਲਏ ਹਨ ਤੇ ਉਹ ਮਸਲੇ ਦੇ ਹੱਲ ਲਈ ਉੱਥੋਂ ਦੇ ਹੋਰਨਾਂ ਸਿਆਸੀ ਆਗੂਆਂ ਤੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇ। ਦੂਜੇ ਪਾਸੇ ਇਲਾਕਾ ਵਾਸੀਆਂ ਨੇ ਵੀ ਬੀਕਾਨੇਰ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਵਰ੍ਹਿਆਂ ਤੋਂ ਚੱਲੇ ਆ ਰਹੇ ਲੰਗਰ ਨੂੰ ਰੋਕ ਕੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਈ ਜਾਵੇ।



