ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਸ਼ਨੀਵਾਰ ਨੂੰ ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਹਮਲੇ ਵਿੱਚ ਅਮਰੀਕੀ ਫੌਜ ਦੇ ਇੱਕ ਮੈਂਬਰ ਦੀ ਮੌਤ ਹੋ ਗਈ। ਤੁਹਾਨੂੰ ਦੱਸ ਦਈਏ ਕਿ ਅਮਰੀਕਾ ਅੱਤਵਾਦੀਆਂ ਨਾਲ ਸ਼ਾਂਤੀ ਕਾਇਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਤਕ ਇਸ ਸਾਲ ਵਿਚ ਅਮਰੀਕੀ ਫੌਜ ਦਾ ਇਹ 10ਵਾਂ ਸੈਨਿਕ ਮਾਰਿਆ ਗਿਆ ਹੈ।
2018 ਵਿੱਚ 12 ਅਮਰੀਕੀ ਸੈਨਿਕਾਂ ਦੀ ਜਾਨ ਚੱਲੀ ਗਈ ਸੀ। ਅਮਰੀਕਾ ਦੀ ਅਗਵਾਈ ਵਾਲੇ ਅਫ਼ਗ਼ਾਨਿਸਤਾਨ ਵਿੱਚ ਨਾਟੋ ਮਿਸ਼ਨ, ਨੇ ਇਕ ਬਿਆਨ ਵਿੱਚ ਕਿਹਾ ਕਿ ਕਾਰਵਾਈ ਦੌਰਾਨ ਮਾਰੇ ਗਏ ਸੈਨਾ ਦੇ ਮੈਂਬਰ ਦਾ ਨਾਮ ਦਾ ਐਲਾਨ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇਣ ਦੇ 24 ਘੰਟੇ ਬਾਅਦ ਕੀਤਾ ਜਾਵੇਗਾ।
ਨਾਟੋ ਨੇ ਹਮਲੇ ਦੀ ਕੋਈ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ ਪਰ ਤਾਲਿਬਾਨ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਕਿਹਾ ਕਿ ਉਸ ਨੇ ਵਰਦਕ ਪ੍ਰਾਂਤ ਦੇ ਸਯੇਦ ਅਬਾਦ ਜ਼ਿਲ੍ਹੇ ਵਿੱਚ ਇੱਕ 'ਅਮਰੀਕੀ ਟੈਂਕ' ਨੂੰ ਉਡਾ ਦਿੱਤਾ ਹੈ। ਅਮਰੀਕਾ ਹਾਲਾਂਕਿ ਅਫ਼ਗ਼ਾਨਿਸਤਾਨ ਵਿੱਚ ਟੈਂਕਾਂ ਦੀ ਵਰਤੋਂ ਨਹੀਂ ਕਰਦਾ ਹੈ।



