ਦੇਹ ਵਪਾਰ ਲਈ ਨਹੀਂ ਮੰਨੀ ਤਾਂ ਏਜੰਟਾਂ ਨੇ ਪਾਸਪੋਰਟ ‘ਤੇ ਲਾਈਆਂ ਗ਼ਲਤ ਮੋਹਰਾਂ

by

ਧਰਮਕੋਟ : ਏਜੰਟਾਂ ਵੱਲੋਂ ਵਿਦੇਸ਼ ਲਿਜਾਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਔਰਤ ਏਜੰਟ ਵਲੋਂ ਲੜਕੀਆਂ ਤੇ ਔਰਤਾਂ ਨੂੰ ਵਿਦੇਸ਼ ਕੰਮ ਕਰਨ ਦੇ ਬਹਾਨੇ ਲਿਜਾ ਕੇ ਉੱਥੇ ਦੇਹ ਵਪਾਰ ਦੇ ਧੰਦੇ 'ਚ ਝੋਕਿਆ ਜਾਂਦਾ ਹੈ। ਇਸੇ ਮਾਮਲੇ ਤਹਿਤ ਹੀ ਨੋਟਰੀ ਤੋਂ ਤਸਦੀਕਸ਼ੁਦਾ ਹਲਫੀਆ ਬਿਆਨ ਦਿੰਦੇ ਹੋਏ ਜਗਰਾਜ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਭੱਟੀ ਵਾਸਤੀ ਧਰਮਕੋਟ ਨੇ ਕਿਹਾ ਕਿ ਅਗਸਤ 2018 'ਚ ਦਰਸ਼ਨਾ ਪਤਨੀ ਗੁਲਜ਼ਾਰ ਸਿੰਘ ਅਤੇ ਸੁਖਵਿੰਦਰ ਕੌਰ ਪਤਨੀ ਰਮੇਸ਼ ਸਿੰਘ ਵਾਸੀ ਭੱਟੀ ਬਸਤੀ ਧਰਮਕੋਟ ਦੋਨੋਂ ਉਸ ਦੇ ਘਰ ਆਈਆਂ ਤੇ ਉਨ੍ਹਾਂ ਦੀ ਘਰਵਾਲੀ ਮਨਜੀਤ ਕੌਰ ਨੂੰ ਆਪਣੀਆਂ ਗੱਲਾਂ 'ਚ ਲੈ ਕੇ ਗੁੰਮਰਾਹ ਕਰ ਲਿਆ ਕਿ ਉਸ ਨੂੰ ਮਲੇਸ਼ੀਆ ਭੇਜ ਦਿਆਂਗੇ ਤੇ ਮਹੀਨੇ ਦੀ 30000 ਰੁਪਏ ਤਨਖ਼ਾਹ ਦਿਆਂਗੇ।

ਘਰ ਵਿਚ ਗ਼ਰੀਬੀ ਹੋਣ ਕਾਰਨ ਉਹ ਚੱਕਰ ਵਿਚ ਫਸ ਗਏ। ਉਕਤ ਔਰਤਾਂ ਨੇ ਉਨ੍ਹਾਂ ਦੇ ਘਰ ਏਜੰਟ ਔਰਤ ਕੁਲਵਿੰਦਰ ਕੌਰ ਵਾਸੀ ਲੁਧਿਆਣਾ ਨੂੰ ਸੱਦਿਆ। ਕਾਗਜ਼ ਪੱਤਰ ਤਿਆਰ ਕਰਵਾ ਕੇ ਮਨਜੀਤ ਕੌਰ ਨੂੰ 6 ਅਗਸਤ 2018 ਨੂੰ ਮਲੇਸ਼ੀਆ ਭੇਜ ਦਿੱਤਾ ਪਰ ਉੱਥੇ ਜਾ ਕੇ ਫੋਨ ਕੀਤਾ ਕਿ ਇਹ ਉਸ ਕੋਲੋਂ ਗਲਤ ਕੰਮ ਕਰਵਾਉਣਾ ਚਾਹੁੰਦੇ ਹਨ। ਉਹ ਇੱਥੇ ਨਹੀਂ ਰਹਿਣਾ ਚਾਹੁੰਦੀ, ਉਸ ਨੂੰ ਵਾਪਸ ਮੰਗਵਾ ਲਓ।ਇਸ ਤੋਂ ਬਾਅਦ ਉਨ੍ਹਾਂ ਏਜੰਟ ਕੁਲਵਿੰਦਰ ਕੌਰ ਨੂੰ ਕਿਹਾ ਕਿ ਉਸ ਦੀ ਪਤਨੀ ਨੂੰ ਵਾਪਸ ਬੁਲਾਉਣਾ ਹੈ ਤਾਂ 50000 ਰੁਪਏ ਦੀ ਮੰਗ ਕੀਤੀ।

ਉਨ੍ਹਾਂ ਟਿਕਟ ਦਾ 27000 ਰੁਪਿਆ ਦੇ ਦਿੱਤਾ। ਇਸ ਸਬੰਧੀ ਐਸਐਸਪੀ ਮੋਗਾ ਨੂੰ ਵੀ ਦਰਖ਼ਾਸਤ ਦਿੱਤੀ। ਜਦੋਂ ਉਸ ਦੀ ਪਤਨੀ ਅੰਮ੍ਰਿਤਸਰ ਏਅਰਪੋਰਟ 'ਤੇ 20 ਜਨਵਰੀ 2019 ਨੂੰ ਵਾਪਸ ਉੱਤਰੀ ਤਾਂ ਇਮੀਗ੍ਰੇਸ਼ਨ ਦਫਤਰ ਵਾਲਿਆਂ ਨੇ 420 ਦਾ ਕੇਸ ਪਾ ਦਿੱਤਾ ਕਿਉਂਕਿ ਮੇਰੀ ਪਤਨੀ ਮਨਜੀਤ ਕੌਰ ਦੇ ਪਾਸਪੋਰਟ ਉੱਪਰ ਚੀਨ ਤੇ ਇੰਡੀਆ ਜਾਣ ਦੀਆਂ ਨਕਲੀ ਮੋਹਰਾਂ ਲੱਗੀਆਂ ਹੋਈਆਂ ਸਨ ਜਿਸ ਕਾਰਨ ਵੱਡੀ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਪੀੜਤ ਪਰਿਵਾਰ ਨੇ ਦੱਸਿਆ ਕਿ ਪਹਿਲਾਂ ਦਰਖ਼ਾਸਤ ਮਾਣਯੋਗ ਐੱਸਐੱਸਪੀ ਮੋਗਾ ਨੂੰ ਦਿੱਤੀ ਸੀ ਜਿਨ੍ਹਾਂ ਐਂਟੀ ਹਿਊਮਨ ਸੈੱਲ ਨੂੰ ਮਾਰਕ ਕੀਤੀ ਤੇ ਇਹ ਇੰਕੁਆਇਰੀ ਕਰ ਕੇ ਐੱਸਐੱਸਪੀ ਜਗਰਾਓਂ ਨੂੰ ਭੇਜ ਦਿੱਤੀ ਸੀ। ਹੁਣ ਇਹ ਦਰਖਾਸਤ ਡੀਐੱਸਪੀ ਗੁਰਦੀਪ ਸਿੰਘ ਜਗਰਾਉਂ (ਦਿਹਾਤੀ) ਕੋਲ ਹੈ। ਸੱਤ ਮਹੀਨੇ ਬੀਤ ਜਾਣ ਦੇ ਬਾਵਜੂਦ ਉਕਤ ਦੋਸ਼ੀਆਂ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ।

ਉਨ੍ਹਾਂ ਕਿਹਾ ਕਿ ਅਸੀਂ ਉੱਚ ਅਧਿਕਾਰੀਆਂ ਤੋਂ ਮੰਗ ਕਰਦੇ ਹਾਂ ਕਿ ਉਕਤ ਮਾਮਲੇ ਦੀ ਜਲਦ ਪੜਤਾਲ ਕੀਤੀ ਜਾਵੇ ਅਤੇ ਉਸ ਦੀ ਪਤਨੀ ਉੱਪਰ ਬਣੇ 420 ਦੇ ਕੇਸ ਨੂੰ ਖਾਰਜ ਕਰਵਾਇਆ ਜਾਵੇ ਤਾਂ ਜੋ ਉਕਤ ਏਜੰਟ ਵੱਲੋਂ ਕਿਸੇ ਹੋਰ ਲੜਕੀਆਂ ਜਾਂ ਔਰਤਾਂ ਦੀ ਜ਼ਿੰਦਗੀ ਬਰਬਾਦ ਨਾ ਹੋਵੇ।ਇਸ ਮਾਮਲੇ ਸਬੰਧੀ ਜਦੋਂ ਡੀਐੱਸਪੀ ਗੁਰਦੀਪ ਸਿੰਘ ਜਗਰਾਓਂ (ਦਿਹਾਤੀ) ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸੰਤੋਖਜਨਕ ਜਵਾਬ ਨਾ ਦਿੰਦੇ ਹੋਏ ਕਿਹਾ ਕਿ ਦਫਤਰ ਵਿਚ ਬਹੁਤ ਦਰਖ਼ਾਸਤਾਂ ਆਉਂਦੀਆਂ ਹਨ, ਇਸ ਬਾਰੇ ਮੈਨੂੰ ਨਹੀਂ ਪਤਾ। ਜੇਕਰ ਦਰਖ਼ਾਸਤ ਸਾਡੇ ਕੋਲ ਹੋਈ ਤਾਂ ਉਕਤ ਮਾਮਲੇ ਸਬੰਧੀ ਦਰਖਾਸਤ ਦੇਖ ਕੇ ਕਾਰਵਾਈ ਅਮਲ ਵਿਚ ਲਿਆਵਾਂਗਾ।

More News

NRI Post
..
NRI Post
..
NRI Post
..