ਚੰਡੀਗੜ : ਬੁੱਧਵਾਰ ਤੋਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ 24 ਘੰਟੇ ਫਲਾਈਟਾਂ ਦਾ ਆਉਣਾ ਜਾਣਾ ਹੋਵੇਗਾ। ਹੁਣ ਏਅਰਪੋਰਟ ਤੋਂ ਰੋਜ਼ਾਨਾ 38 ਫਲਾਈਟਾਂ ਆਉਣ ਜਾਣਗੀਆਂ। ਏਅਰਪੋਰਟ ਤੋਂ ਹੁਣ ਆਖਰੀ ਫਲਾਈਟ ਸ਼ਾਮ 4.35 ਵਜੇ ਦੀ ਬਜਾਏ ਰਾਤ 11.25 ਵਜੇ ਆਵੇਗੀ। ਇਸੇ ਤਰ੍ਹਾਂ ਸਵੇਰੇ ਪਹਿਲੀ ਉਡਾਨ 7.25 ਵਜੇ ਦੀ ਥਾਂ 6.25 ਵਜੇ ਚੰਡੀਗੜ੍ਹ ਤੋਂ ਬੈਂਗਲੂਰ ਲਈ ਉਡਾਨ ਭਰੇਗੀ। ਚੰਡੀਗੜ੍ਹ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦਾ ਗੇਟਵੇਅ ਹੈ। ਅਜਿਹੇ ਵਿਚ 24 ਘੰਟੇ ਉਡਾਨਾਂ ਦੇ ਚਲਣ ਨਾਲ ਨਾ ਸਿਰਫ ਘਰੇਲੂ ਸਟੇਸ਼ਨਾਂ ਨਾਲ ਸੰਪਰਕ ਵਧੇਗਾ ਬਲਕਿ ਵਿਦੇਸ਼ਾਂ ਤੋਂ ਆਉਣ ਜਾਣ ਵਾਲੇ ਯਾਤਰੀਆਂ ਦੀ ਸਹੂੁਲਤ ਵਿਚ ਵੀ ਵਾਧਾ ਹੋਵੇਗਾ।ਏਅਰਪੋਰਟ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਕੈਟ -2 ਇੰਸਟਰੂਮੈਂਟ ਲੈਂਡਿੰਗ ਸਿਸਟਮ ਦੀ ਮਦਦ ਨਾਲ 350 ਮੀਟਰ ਦੀ ਵਿਜ਼ਿਬੀਲਿਟੀ ਵਿਚ ਹਰ ਤਰ੍ਹਾਂ ਦੀ ਉਡਾਨ ਆ ਜਾ ਸਕੇਗੀ।
ਇਸ ਨਾਲ ਰਾਤ ਸਮੇਂ ਲੈਂਡਿੰਗ ਵਿਚ ਕੋਈ ਰੁਕਾਵਟ ਨਹੀਂ ਆਵੇਗੀ।ਚੰਡੀਗੜ੍ਹ ਏਅਰਪੋਰਟ ਤੋਂ 24 ਘੰਟੇ ਫਲਾਈਟਾਂ ਚੱਲਣ ਨਾਲ ਹੁਣ ਇਹ ਉਮੀਦ ਵਧੀ ਹੈ ਕਿ ਜਿਥੇ ਦੇਸ਼ ਦੇ ਅੰਦਰੂਨੀ ਭਾਗਾਂ ਨੂੰ ਜੋੜਨ ਲਈ ਫਲਾਈਟਾਂ ਵਧਣਗੀਆਂ ਉਥੇ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਲਈ ਏਅਰਪੋਰਟ ਤੋਂ ਸਿੱਧੀਆਂ ਫਲਾਈਟਾਂ ਸ਼ੁਰੂ ਕੀਤੀਆਂ ਜਾਣਗੀਆਂ। ਏਅਰਪੋਰਟ ਤੋਂ ਸ਼ਾਰਜਾਹ ਅਤੇ ਦੁਬਈ ਲਈ ਸਿੱਧੀ ਫਲਾਈਟ ਦੀ ਗੱਲ ਚੱਲ ਰਹੀ ਹੈ। ਯੂਰਪ, ਅਮਰੀਕਾ ਅਤੇ ਕੈਨੇਡਾ ਲਈ ਵੀ ਸਿੱਧੀਆਂ ਫਲਾਈਟਾਂ ਚਲਾਉਣ ਦੀ ਗੱਲਬਾਤ ਚੱਲ ਰਹੀ ਹੈ। ਸੋ ਉਮੀਦ ਹੈ ਕਿ ਜਲਦ ਹੀ ਇਹ ਫਲਾਈਟਾਂ ਵੀ ਸ਼ੁਰੂ ਹੋ ਜਾਣ ਨਾਲ ਦੇਸ਼ ਵਿਦੇਸ਼ ਦੇ ਯਾਤਰੀਆਂ ਨੂੰ ਵੱਡੀ ਸਹੂੁਲਤ ਮਿਲੇਗੀ।



