ਬਨੂੜ : ਬਨੂੜ-ਤੇਪਲਾ ਮੁੱਖ ਮਾਰਗ 'ਤੇ ਸਥਿਤ ਗੋਲਡਨ ਓਕ ਪੈਲੇਸ ਨੇੜੇ ਅੱਜ ਸਵੇਰੇ ਤੜਕਸਾਰ 3.30 ਵਜੇ ਹੋਏ ਖ਼ਤਰਨਾਕ ਸੜਕ ਹਾਦਸੇ 'ਚ ਦਿੱਲੀ ਤੋਂ ਕਟੜਾ ਜਾ ਰਹੀਆਂ ਸਵਾਰੀਆਂ ਨਾਲ ਭਰੀ ਬੱਸ ਅਵਾਰਾ ਪਸ਼ੂ ਨਾਲ ਜਾ ਟਕਰਾਈ। ਪਸ਼ੂ ਨਾਲ ਟਕਰਾਉਂਦੇ ਹੀ ਬੱਸ ਖੇਤਾਂ 'ਚ ਜਾ ਪਲਟੀ। ਹਾਦਸੇ 'ਚ ਤਿੰਨ ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ। ਇਹੀ ਨਹੀਂ ਕੁਝ ਸਵਾਰੀਆਂ ਦੇ ਟੁੱਟੇ ਹੋਏ ਅੰਗ ਘਟਨਾ ਸਥਾਨ 'ਤੇ ਹੀ ਪਏ ਰਹਿ ਗਏ। ਜ਼ਖ਼ਮੀਆਂ ਨੂੰ ਤੁਰੰਤ ਪੁਲਿਸ ਨੇ ਆਪਣੀ ਗੱਡੀ, ਐਂਬੂਲੈਂਸ 108 ਤੇ ਹਾਈਵੇ ਪੈਟ੍ਰੋਲਿੰਗ ਨੇ ਬਨੂੜ ਦੇ ਸਿਵਲ ਹਸਪਤਾਲ ਪਹੁੰਚਾਇਆ।ਜਾਣਕਾਰੀ ਅਨੁਸਾਰ ਅੱਜ ਸਵੇਰੇ ਦਿੱਲੀ ਤੋਂ ਸਵਾਰੀਆਂ ਨਾਲ ਭਰੀ ਯੂਪੀ ਨੰਬਰ ਦੀ ਡਬਲਡੈਕਰ ਟੂਰੀਸਟ ਬੱਸ ਜੰਮੂ-ਕਟੜਾ ਜਾ ਰਹੀ ਸੀ।
ਇਸ ਬੱਸ ਵਿਚ 50 ਦੇ ਕਰੀਬ ਸਵਾਰੀਆਂ ਸਨ। ਹਨੇਰਾ ਹੋਣ ਕਾਰਨ ਸਵਾਰੀਆਂ ਅਰਾਮ ਨਾਲ ਸੌਂ ਰਹੀਆਂ ਸਨ। ਜਦੋਂ ਬੱਸ ਬਨੂੜ ਨੇੜੇ ਸਥਿਤ ਗੋਲਡਨ ਓਕ ਪੈਲੇਸ ਕੋਲ ਪੁੱਜੀ ਤਾਂ ਸਾਹਮਣਿਓਂ ਅਵਾਰਾ ਪਸ਼ੂ ਸੜਕ ਵਿਚਕਾਰ ਆ ਗਿਆ। ਰਫ਼ਤਾਰ ਜ਼ਿਆਦਾ ਹੋਣ ਕਾਰਨ ਚਾਲਕ ਅਵਾਰਾ ਪਸ਼ੂ ਨੂੰ ਬਚਾਉਣ ਦੇ ਚੱਕਰ 'ਚ ਬੱਸ ਤੋਂ ਆਪਣਾ ਕਾਬੂ ਖੋ ਬੈਠਾ ਤੇ ਬੱਸ ਅਵਾਰਾ ਪਸ਼ੂ ਨਾ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਅਵਾਰਾ ਪਸ਼ੂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਬੱਸ ਸੜਕ ਨਾਲ ਬਣੇ ਖੇਤਾਂ 'ਚ ਪਲਟ ਗਈ।ਖੇਤਾਂ 'ਚ ਬੱਸ ਪਲਟਦੇ ਹੀ ਸਵਾਰੀਆਂ 'ਚ ਚੀਕ-ਚਿਹਾੜਾ ਪੈ ਗਿਆ ਕਿਉਂਕਿ ਸਵਾਰੀਆਂ 'ਚ ਜ਼ਿਆਦਾਤਰ ਔਰਤਾਂ ਤੇ ਬੱਚੇ ਸ਼ਾਮਲ ਸਨ। ਹਾਦਸੇ ਦਾ ਪਤਾ ਲਗਦੇ ਹੀ ਐੱਸਆਈ ਮੋਹਨ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪੁੱਜ ਗਏ।
ਨਾਲ ਹੀ ਐਬੂਲੈਂਸ 108 ਅਤੇ ਹਾਈਵੇਅ ਪੈਟ੍ਰੋਲਿੰਗ ਦੀ ਗੱਡੀ ਵੀ ਮੌਕੇ ਟਤੇ ਪੁੱਜ ਗਈ। ਪੁਲਿਸ ਨੇ ਰਾਹਗੀਕਾਂ ਤੇ ਆਸ-ਪਾਸ ਦੇ ਵਿਅਕਤੀਆਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਬੱਸ 'ਚੋਂ ਬਾਹਰ ਕੱਢਿਆ। ਉਨ੍ਹਾਂ ਨੂੰ ਤੁਰੰਤ ਬਨੂੜ ਦੇ ਸਰਕਾਰੀ ਹਸਪਤਾਲ ਤੇ ਗੰਭੀਰ ਜ਼ਖ਼ਮੀਆਂ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਜਨਰਲ ਹਸਪਤਾਲ ਵਿਖੇ ਪਹੁੰਚਾਇਆ ਗਿਆ।ਬਨੂੜ ਹਸਪਤਾਲ 'ਚ ਐਮਰਜੈਂਸੀ ਡਾਕਟਰ ਨਾ ਹੋਣ ਕਾਰਨ ਜਖ਼ਮੀਆਂ ਦੀ ਗਿਣਤੀ ਇੱਕਦਮ ਵੱਧ ਗਈ। ਹਸਪਤਾਲ ਦੀ ਐਸਐਮਓ ਡਾ. ਹਰਪ੍ਰੀਤ ਕੌਰ ਨੂੰ ਹਾਦਸੇ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਆਪਣੇ ਡਾਕਟਰਾਂ ਦੀ ਟੀਮ ਨਾਲ ਹਸਪਤਾਲ 'ਚ ਪੁੱਜੇ ਤੇ ਮਰੀਜ਼ਾਂ ਦਾ ਇਲਾਜ ਸ਼ੁਰੂ ਕਰ ਦਿੱਤਾ।
ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ ਉਨਾਂ ਦੇ ਹਸਪਤਾਲ ਵਿਚ 30 ਦੇ ਕਰੀਬ ਮਰੀਜ਼ ਪੁੱਜੇ ਸਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਦੇ ਸਿਰ 'ਚ ਗੰਭੀਰ ਸੱਟਾਂ ਲੱਗੀਆਂ ਹੋਇਆ ਸਨ। ਉਨ੍ਹਾਂ ਸਾਰੇ ਮਰੀਜ਼ਾਂ ਨੂੰ ਚੰਡੀਗੜ੍ਹ ਦੇ ਸੈਕਟਰ 32 ਸਥਿਤ ਜਨਰਲ ਹਸਪਤਾਲ ਰੈਫਰ ਕਰ ਦਿੱਤਾ। ਐੱਸਆਈ ਮੋਹਨ ਸਿੰਘ ਨੇ ਦੱਸਿਆ ਕਿ ਹਾਦਸਾ ਬਹੁਤ ਹੀ ਖ਼ਤਰਨਾਕ ਸੀ। ਹਾਦਸੇ ਵਿਚ ਕਈ ਵਿਅਕਤੀਆਂ ਦੇ ਅੰਗ ਸਰੀਰ ਨਾਲੋਂ ਅਲੱਗ ਹੋ ਗਏ ਜਿਨ੍ਹਾਂ ਨੂੰ ਤੁਰੰਤ ਚੰਡੀਗੜ੍ਹ ਦੇ ਸੈਕਟਰ 32 ਸਥਿਤ ਹਸਪਤਾਲ ਰਵਾਨਾ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਜ਼ਖ਼ੀਆਂ 'ਚੋਂ ਅਜੇ ਬੱਸ ਚਾਲਕ ਦੀ ਪਛਾਣ ਨਹੀਂ ਹੋ ਸਕੀ ਹੈ। ਉਨਾਂ ਕਿਹਾ ਕਿ ਜਿਸ ਟਰਾਂਸਪੋਰਟ ਦੀ ਇਹ ਬੱਸ ਸੀ, ਉਸ ਟਰਾਂਸਪੋਰਟਰ ਤੋਂ ਡਰਾਈਵਰ ਦਾ ਨਾਂ ਤੇ ਪਤਾ ਮੰਗਵਾਇਆ ਗਿਆ ਹੈ।



