ਵਾਸ਼ਿੰਗਟਨ : ਅਮਰੀਕਾ ਦੀ ਇਕ ਅਦਾਲਤ 'ਚ 67 ਸਾਲਾ ਭਾਰਤੀ ਨਾਗਰਿਕ ਨੇ ਗਲਤ ਤਰੀਕੇ ਨਾਲ ਨਾਗਰਿਕਤਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਨਿਆਂ ਵਿਭਾਗ ਨੇ ਸੋਮਵਾਰ ਨੂੰ ਦੱਸਿਆ ਕਿ ਹਰਪਾਲ ਸਿੰਘ 'ਤੇ ਨਾਗਰਿਕਤਾ ਹਾਸਲ ਲਈ ਧੋਖਾਧੜੀ ਕਰਨ ਦਾ ਦੋਸ਼ ਹੈ। ਇਸ 'ਚ 10 ਸਾਲ ਤਕ ਦੀ ਸਜ਼ਾ ਹੋ ਸਕਦੀ ਹੈ। ਉਸ ਨੂੰ 5 ਅਗਸਤ ਨੂੰ ਸਜ਼ਾ ਸੁਣਾਈ ਜਾਵੇਗੀ।
ਮਾਮਲੇ 'ਚ ਦਾਖਲ ਦਸਤਾਵੇਜ਼ਾਂ ਅਤੇ ਅਦਾਲਤ 'ਚ ਦਿੱਤੇ ਗਏ ਬਿਆਨਾਂ ਮੁਤਾਬਕ, ''ਸਿੰਘ ਨੇ ਮਾਰਚ 1992 'ਚ ਭਾਰਤੀ ਪਾਸਪੋਰਟ 'ਤੇ ਲਾਸ ਏਂਜਲਸ ਕੌਮਾਂਤਰੀ ਹਵਾਈ ਅੱਡੇ 'ਤੇ ਸੈਲਾਨੀ ਦੇ ਤੌਰ 'ਤੇ ਦੇਸ਼ 'ਚ ਦਾਖਲ ਹੋਇਆ ਸੀ। ਉਸ ਨੂੰ ਐਂਟਰੀ ਗੇਟ 'ਤੇ ਰੋਕ ਦਿੱਤਾ ਗਿਆ ਕਿਉਂਕਿ ਐਂਟਰੀ ਵੀਜ਼ਾ ਫਰਜ਼ੀ ਸੀ ਅਤੇ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ। ਇਸ ਦੇ ਬਾਅਦ ਸਿੰਘ ਨੇ ਅਮਰੀਕਾ 'ਚ ਸ਼ਰਣ ਲੈਣ ਦੀ ਅਪੀਲ ਕੀਤੀ ਅਤੇ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।



