ਲਾਹੌਰ (ਵਿਕਰਮ ਸਹਿਜਪਾਲ) : ਬਾਲਾਕੋਟ 'ਤੇ ਭਾਰਤੀ ਹਵਾਈ ਫ਼ੌਜ ਦੇ ਹਮਲੇ ਤੋਂ ਬਾਅਦ ਕਰੀਬ ਪੰਜ ਮਹੀਨੇ ਬੰਦ ਰਹੇ ਪਾਕਿਸਤਾਨੀ ਹਵਾਈ ਖੇਤਰ ਨੂੰ ਇਸ ਦੌਰਾਨ ਪੰਜ ਕਰੋੜ ਡਾਲਰ (ਭਾਰਤੀ ਕਰੰਸੀ ਵਿਚ ਕਰੀਬ 344 ਕਰੋੜ ਰੁਪਏ) ਦਾ ਨੁਕਸਾਨ ਉਠਾਉਣਾ ਪਿਆ ਹੈ। ਪਾਕਿਸਤਾਨ ਦੇ ਹਵਾਬਾਜ਼ੀ ਮੰਤਰੀ ਨੇ ਇਹ ਜਾਣਕਾਰੀ ਦਿੰਦਿਆਂ ਦਾਅਵਾ ਕੀਤਾ ਕਿ ਪਾਕਿ ਸਰਕਾਰ ਦੇ ਇਸ ਕਦਮ ਨਾਲ ਭਾਰਤ ਨੂੰ ਜ਼ਿਆਦਾ ਪਰੇਸ਼ਾਨੀ ਹੋਈ ਹੈ।
ਪਾਕਿਸਤਾਨ ਦੇ ਹਵਾਬਾਜ਼ੀ ਮੰਤਰੀ ਗ਼ੁਲਾਮ ਸਰਵਰ ਖ਼ਾਨ ਨੇ ਵੀਰਵਾਰ ਨੂੰ ਕਿਹਾ, 'ਪਾਕਿਸਤਾਨ ਦੀ ਸ਼ਹਿਰੀ ਹਵਾਬਾਜ਼ੀ ਅਥਾਰਟੀ (ਸੀਏਏ) ਨੂੰ ਹਵਾਈ ਖੇਤਰ ਬੰਦ ਕਰਨ ਨਾਲ 8.5 ਅਰਬ ਰੁਪਏ (ਪਾਕਿ ਮੁਦਰਾ 'ਚ) ਯਾਨੀ ਪੰਜ ਕਰੋੜ ਡਾਲਰ ਦਾ ਘਾਟਾ ਹੋਇਆ ਹੈ।
ਸਾਡੇ ਹਵਾਬਾਜ਼ੀ ਉਦਯੋਗ ਲਈ ਇਹ ਬਹੁਤ ਵੱਡਾ ਨੁਕਸਾਨ ਹੈ।' ਪਾਕਿਸਤਾਨੀ ਅਖ਼ਬਾਰ ਡਾਨ ਨੇ ਗ਼ੁਲਾਮ ਸਰਵਰ ਖ਼ਾਨ ਦੇ ਹਵਾਲੇ ਨਾਲ ਦੱਸਿਆ ਕਿ ਹਵਾਈ ਖੇਤਰ ਬੰਦ ਕਰਨ ਨਾਲ ਪਾਕਿਸਤਾਨ ਤੋਂ ਜ਼ਿਆਦਾ ਭਾਰਤ ਨੂੰ ਨੁਕਸਾਨ ਹੋਇਆ ਹੈ। ਭਾਰਤ ਦਾ ਨੁਕਸਾਨ ਲਗਪਗ ਦੁੱਗਣਾ ਹੈ ਪਰ ਹੁਣ ਦੋਵਾਂ ਦੇਸ਼ਾਂ ਦੇ ਸਬੰਧ ਸੁਧਾਰਨ ਤੇ ਸਦਭਾਵ ਬਣਾਉਣ ਦੀ ਲੋੜ ਹੈ।



