ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਅੱਜ ਕਾਰਗਿਲ ਫਤਹਿ ਦਿਵਸ ਹੈ। 3 ਮਈ 1999 ਨੂੰ ਸ਼ੁਰੂ ਹੋਣ ਵਾਲੀ ਕਾਰਗਿਲ ਦੀ ਜੰਗ ਅੱਜ ਦੇ ਹੀ ਦਿਨ 26 ਜੁਲਾਈ ਨੂੰ ਖਤਮ ਹੋਈ ਸੀ। ਇਸ ਲੜਾਈ 'ਚ ਭਾਰਤੀ ਸੈਨਾ ਨੇ ਪਾਕਿਸਤਾਨ ਨੂੰ ਆਰਥਿਕ ਅਤੇ ਰਾਜਨੀਤਿਕ ਪੱਧਰ 'ਤੇ ਜ਼ਬਰਦਸਤ ਟੱਕਰ ਦਿੱਤੀ ਸੀ ਅਤੇ ਇਸੇ ਕਾਰਨ ਕਾਰਗਿਲ ਦੀ ਲੜਾਈ ਨੂੰ ਪਾਕਿਸਤਾਨ ਦੀ ਤਬਾਹੀ ਲਈ ਜਾਣਿਆ ਜਾਂਦਾ ਹੈ। ਪਾਕਿਸਤਾਨ ਵੱਲੋਂ ਇਹ ਲੜਾਈ ਸਾਲ 1998 'ਚ ਹੀ ਸ਼ੁਰੂ ਕਰ ਦਿੱਤੀ ਗਈ ਸੀ। ਜਿਸ ਸਮੇਂ ਪਾਕਿਸਤਾਨ ਨੇ ਆਪਣੇ 5000 ਫੌਜੀਆਂ ਨੂੰ ਕਾਰਗਿਲ ਦੀ ਚੜ੍ਹਾਈ ਲਈ ਭੇਜਿਆ ਸੀ ਅਤੇ ਕਾਰਗਿਲ ਦੇ ਇਕ ਹਿੱਸੇ ਨੂੰ ਘੇਰ ਲਿਆ ਸੀ।
ਜਦੋਂ ਭਾਰਤ ਨੂੰ ਇਸ ਗੱਲ ਦੀ ਭਿਣਕ ਪਈ ਤਾਂ ਭਾਰਤੀ ਸੈਨਾ ਨੇ ਪਾਕਿਸਤਾਨ ਸੈਨਾ ਨੂੰ ਖਦੇੜਨ ਲਈ ਆਪ੍ਰੇਸ਼ਨ ਫਤਹਿ ਸ਼ੁਰੂ ਕੀਤਾ। ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਖਿਲਾਫ ਮਿਗ-27 ਅਤੇ ਮਿਗ-29 ਦੀ ਵੀ ਵਰਤੋਂ ਕੀਤੀ। ਜਿਸਤੋਂ ਬਾਅਦ ਜਿਥੇ ਵੀ ਪਾਕਿਸਤਾਨ ਨੇ ਕਬਜ਼ਾ ਕੀਤਾ ਉਥੇ ਹੀ ਬੰਬ ਸੁੱਟੇ ਗਏ। ਇਸ ਲੜਾਈ ਵਿਚ ਵੱਡੀ ਸੰਖਿਆ ਵਿਚ ਰੌਕੇਟ ਅਤੇ ਬੰਬਾਂ ਦੀ ਵਰਤੋਂ ਕੀਤੀ ਗਈ ਸੀ। ਇਸ ਦੌਰਾਨ ਕਰੀਬ 2,50,000 ਗੋਲੇ ਦਾਗੇ ਗਏ ਸਨ।
ਉਥੈ ਹੀ 5 ਹਜ਼ਾਰ ਬੰਬ ਫਾਇਰ ਕਰਨ ਲਈ 300 ਤੋਂ ਜ਼ਿਆਦਾ ਮੋਰਟਾਰ, ਤੋਪਾਂ ਅਤੇ ਰੌਕੇਟਾਂ ਦੀ ਵਰਤੋਂ ਕੀਤੀ ਗਈ ਸੀ। ਲੜਾਈ ਦੇ 17 ਦਿਨਾਂ 'ਚ ਹਰ ਰੋਜ਼ ਪ੍ਰਤੀ ਮਿੰਟ 'ਚ ਇੱਕ ਰਾਊਂਡ ਫਾਇਰ ਕੀਤਾ ਗਿਆ। ਰਿਪੋਰਟਾਂ ਮੁਤਾਬਿਕ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਕਾਰਗਿਲ ਦੀ ਲੜਾਈ ਇਕ ਅਜਿਹੀ ਲੜਾਈ ਸੀ ਜਿਸ 'ਚ ਦੁਸ਼ਮਣ ਦੇਸ਼ ਦੀ ਸੈਨਾ 'ਤੇ ਇੰਨੀ ਵੱਡੀ ਸੰਖਿਆ 'ਚ ਗੋਲਾਬਾਰੀ ਕੀਤੀ ਗਈ ਹੋਵੇ।



