ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਪੰਜਾਬ ਸਰਕਾਰ ਵੱਲੋਂ 'ਘਰ-ਘਰ ਰੋਜ਼ਗਾਰ' ਮਿਸ਼ਨ ਤਹਿਤ ਸੂਬੇ ਭਰ ਵਿਚ ਲਗਾਏ ਜਾ ਰਹੇ ਰੋਜ਼ਗਾਰ ਮੇਲਿਆਂ ਦੀ ਲੜੀ ਤਹਿਤ ਅੱਜ ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਕਪੂਰਥਲਾ ਵਿਖੇ ਇਕ ਵਿਸ਼ਾਲ ਜ਼ਿਲਾ ਪੱਧਰੀ ਰੋਜ਼ਗਾਰ ਮੇਲਾ ਲਗਾਇਆ ਗਿਆ। ਇਸ ਮੇਲੇ ਲਈ 1450 ਉਮੀਦਵਾਰਾਂ ਨੇ ਵੱਖ-ਵੱਖ ਕੰਪਨੀਆਂ ਵਿਚ ਇੰਟਰਵਿਊ ਲਈ ਰਜਿਸਟ੍ਰੇਸ਼ਨ ਕਰਵਾਈ, ਜਿਸ ਦੌਰਾਨ 26 ਕੰਪਨੀਆਂ ਵੱਲੋਂ 769 ਦੀ ਪਲੇਸਮੈਂਟ ਕੀਤੀ ਗਈ ਅਤੇ ਬਹੁਤ ਸਾਰੇ ਸ਼ਾਰਟਲਿਸਟ ਵੀ ਕੀਤੇ ਗਏ। ਇਸ ਦੌਰਾਨ ਸਵੈ-ਰੁਜ਼ਗਾਰ ਨਾਲ ਸਬੰਧਤ ਸਾਰੇ ਵਿਭਾਗਾਂ ਵੱਲੋਂ ਬੇਰੁਜ਼ਗਾਰ ਉਮੀਦਵਾਰਾਂ ਨੂੰ ਸਵੈ-ਰੁਜ਼ਗਾਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਆਪਣੇ ਵਿਭਾਗਾਂ ਦੀ ਕਿੱਤਾ ਸਮੱਗਰੀ ਵੀ ਪ੍ਰਦਰਸ਼ਿਤ ਕੀਤੀ। ਰੋਜ਼ਗਾਰ ਮੇਲੇ ਦਾ ਸ਼ੁੱਭ ਆਰੰਭ ਡਿਪਟੀ ਕਮਿਸ਼ਨਰ ਇੰਜੀ: ਡੀ. ਪੀ. ਐਸ ਖਰਬੰਦਾ ਨੇ ਕੀਤਾ।
ਇਸ ਮੌਕੇ ਜ਼ਿਲੇ ਭਰ ਵਿੱਚੋਂ ਆਏ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਇੰਜੀ: ਖਰਬੰਦਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਸ਼ਲਾਘਾਯੋਗ ਉਪਰਾਲਾ ਬੇਰੁਜ਼ਗਾਰ ਨੌਜਵਾਨਾਂ ਲਈ ਵਰਦਾਨ ਸਿੱਧ ਹੋ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਬੇਹੱਦ ਗੰਭੀਰ ਹੈ ਅਤੇ ਅਜਿਹੇ ਉਪਰਾਲੇ ਜਾਰੀ ਰਹਿਣਗੇ। ਉਨਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਆਪਣੇ ਆਪ ਵਿਚ ਇੱਛਾ ਸ਼ਕਤੀ ਪੈਦਾ ਕਰਕੇ ਕੋਈ ਵੀ ਮੁਕਾਮ ਹਾਸਲ ਕਰ ਸਕਦੇ ਹਨ। ਉਨਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਸਵੈ-ਰੁਜ਼ਗਾਰ ਅਪਣਾ ਕੇ ਆਪਣੇ ਪੈਰਾਂ 'ਤੇ ਖੜੇ ਹੋਣ। ਉਨਾਂ ਕਿਹਾ ਕਿ ਸਰਕਾਰ ਵੱਲੋਂ ਆਪਣੇ ਕਾਰੋਬਾਰ ਸ਼ੁਰੂ ਕਰਨ ਲਈ ਨੌਜਵਾਨਾਂ ਨੂੰ ਭਾਰੀ ਸਬਸਿਡੀ 'ਤੇ ਕਰਜ਼ਾ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਦਾ ਉਨਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।
ਇਸ ਮੌਕੇ ਉਨਾਂ ਵੱਖ-ਵੱਖ ਕੰਪਨੀਆਂ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਦੀ ਕੀਤੀ ਜਾ ਰਹੀ ਕਾਊਂਸਲਿੰਗ ਦਾ ਵੀ ਜਾਇਜ਼ਾ ਲਿਆ। ਇਸ ਦੌਰਾਨ ਉਨਾਂ ਬੇਰੁਜ਼ਗਾਰ ਨੌਜਵਾਨਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਨਾਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ, ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਸਕੱਤਰ ਜ਼ਿਲਾ ਪ੍ਰੀਸ਼ਦ ਸ੍ਰੀ ਗੁਰਦਰਸ਼ਨ ਕੁੰਡਲ, ਜ਼ਿਲਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਮੈਡਮ ਨੀਲਮ ਮਹੇ, ਡਿਪਟੀ ਡਾਇਰੈਕਟਰ ਬਾਗਬਾਨੀ ਸ. ਕੁਲਵਿੰਦਰ ਸਿੰਘ ਸੰਧੂ, ਡੀ. ਈ. ਓ (ਅ) ਸ. ਸਤਿੰਦਰ ਬੀਰ ਸਿੰਘ, ਆਨੰਦ ਗਰੁੱਪ ਦੇ ਐਮ. ਡੀ ਸ੍ਰੀ ਵਿਕਰਮ ਆਨੰਦ, ਡਾਇਰੈਕਟਰ ਐਡਮਿਨਸਟ੍ਰੇਸ਼ਨ ਸ. ਅਰਵਿੰਦਰ ਸਿੰਘ ਸੇਖੋਂ, ਪ੍ਰਿੰਸੀਪਲ ਸੰਜੀਵ ਕੁਮਾਰ ਦਹੀਆ, ਪਲੇਸਮੈਂਟ ਅਫ਼ਸਰ ਮੈਡਮ ਬਰਜਿੰਦਰ ਕੌਰ, ਡਾਇਰੈਕਟਰ ਆਰ.ਸੇਟੀ ਸ੍ਰੀ ਪਰਮਜੀਤ ਸਿੰਘ ਅਤੇ ਹੋਰ ਹਾਜ਼ਰ ਸਨ।