ਜੰਮੂ: ਜੰਮੂ-ਕਸ਼ਮੀਰ 'ਚ ਅਸ਼ਾਂਤੀ ਫੈਲਾਉਣ ਲਈ ਪੰਜਾਬ 'ਚ ਡਰੋਨ ਰਾਹੀਂ ਹਥਿਆਰ ਡਿੱਗਣ ਦੀ ਸਾਜ਼ਿਸ਼ ਦਾ ਪਰਦਾਫਾਸ਼ ਹੋਣ ਤੋਂ ਬਾਅਦ ਫ਼ੌਜ ਤੇ ਸਰਹੱਦ ਸੁਰੱਖਿਆ ਬਲ (ਬੀਐੱਸਐੱਫ) ਰੈੱਡ ਅਲਰਟ 'ਤੇ ਹੈ। ਸੁਰੱਖਿਆ ਬਲ ਹੁਣ ਜ਼ਮੀਨ ਤੋਂ ਅਸਮਾਨ ਤਕ ਸਖ਼ਤ ਚੌਕਸੀ ਵਰਤ ਰਹੇ ਹਨ। ਦੁਸ਼ਮਣ ਆਪਣੀ ਸਾਜ਼ਿਸ਼ ਨੂੰ ਜੰਮੂ-ਕਸ਼ਮੀਰ 'ਚ ਵੀ ਦੋਹਰਾ ਸਕਦਾ ਹੈ। ਅਜਿਹੇ 'ਚ ਫ਼ੌਜ ਤੇ ਬੀਐੱਸਐੱਫ ਜ਼ਮੀਨ ਤੇ ਹਵਾਈ ਫ਼ੌਜ ਅਸਮਾਨ ਤੋਂ ਦੁਸ਼ਮਣ ਦੇ ਮਨਸੂਬਿਆਂ ਨੂੰ ਨਾਕਾਮ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਜੰਮੂ-ਕਸ਼ਮੀਰ ਦੌਰ 'ਤੇ ਆਏ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਵੀ ਵੀਰਵਾਰ ਨੂੰ ਫ਼ੌਜ, ਸੁਰੱਖਿਆ ਬਲਾਂ ਨੂੰ ਆਦੇਸ਼ ਦਿੱਤੇ ਕਿ ਦੁਸ਼ਮਣ ਵੱਡੇ ਪੈਮਾਨੇ 'ਤੇ ਘੁਸਪੈਠ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਜਿਹੇ 'ਚ ਸੁਰੱਖਿਆ ਨੂੰ ਪੁਖ਼ਤਾ ਬਣਾਉਣ 'ਚ ਕੋਈ ਕਸਰ ਨਾ ਛੱਡੀ ਜਾਵੇ। ਪਿਛਲੇ ਦਿਨੀਂ ਫ਼ੌਜ ਪ੍ਰਮੁੱਖ ਜਨਰਲ ਬਿਪਿਨ ਰਾਵਤ ਨੇ ਵੀ ਕਿਹਾ ਸੀ ਕਿ ਪਾਕਿਸਤਾਨ ਬਾਲਾਕੋਟ 'ਚ ਅੱਤਵਾਦੀ ਸਿਖਲਾਈ ਕੈਂਪ ਸਰਗਰਮ ਹਨ ਤੇ ਸਰਹੱਦ ਪਾਰ ਕਰੀਬ 500 ਅੱਤਵਾਦੀ ਘੁਸਪੈਠ ਕਰਨ ਦੀ ਤਾਂਘ 'ਚ ਹਨ।
ਛੇ ਸੁਰੰਗਾਂ ਦਾ ਹੋਇਆ ਪਰਦਾਫਾਸ਼
ਜੰਮੂ 'ਚ ਦੁਸ਼ਮਣ ਘੁਸਪੈਠ ਕਰਨ ਲਈ ਅੰਤਰਰਾਸ਼ਟਰੀ ਸਰਹੱਦ 'ਤੇ ਸੁਰੰਗ ਬਣਾਉਣ ਲਈ ਕਈ ਸਾਲਾ ਤੋਂ ਕੋਸ਼ਿਸ਼ ਕਰ ਰਹੇ ਹਨ। ਅਜਿਹੇ 'ਚ ਬੀਐੱਸਐੱਫ ਸੁਰੰਗ ਰੋਕੂ ਮੁਹਿੰਮ ਸ਼ੁਰੂ ਕਰ ਕੇ ਬਾਰਡਰ ਦੇ ਚੱਪੇ-ਚੱਪੇ ਨੂੰ ਖੰਗਾਲ ਰਹੀ ਹੈ। ਸਾਰੇ ਸੰਵੇਦਨਸ਼ੀਲ ਇਲਾਕਿਆਂ 'ਚ ਬੀਐੱਸਐੱਫ ਜੇਸੀਬੀ ਤੇ ਟੈਕਟਰਾਂ ਦੀ ਮਦਦ ਨਾਲ ਸਰਹੱਦ ਨਾਲ ਲਗਦੇ ਇਲਾਕਿਆਂ ਦੀ ਖੁਦਾਈ ਕਰ ਰਹੀ ਹੈ ਕਿ ਕੋਈ ਸੁਰੰਗ ਤਾਂ ਨਹੀਂ ਹੈ।
ਕਠੂਆ ਦੇ 52 ਸਕੂਲਾਂ ਨੂੰ ਬੰਦ ਰੱਖਣ ਦਾ ਆਦੇਸ਼
ਸੂਤਰਾਂ ਅਨੁਸਾਰ ਪਾਕਿਸਤਾਨ ਵੱਲੋਂ ਗੋਲ਼ੀਬਾਰੀ ਕੀਤੀ ਜਾ ਸਕਦੀ ਹੈ। ਅਜਿਹੇ 'ਚ ਕਠੂਆ ਦੇ ਮਢੀਰ ਤੇ ਹੀਰਾਨਗਰ ਸਿੱਖਿਆ ਜ਼ੋਨ ਦੇ 52 ਸਕੂਲਾਂ ਨੂੰ ਸ਼ੁੱਕਰਵਾਰ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਬੰਦ ਰੱਖਣ ਦਾ ਆਦੇਸ਼ ਦਿੱਤਾ ਹੈ। ਜ਼ਿਲ੍ਹੇ ਦੇ ਮੁੱਖ ਸਿੱਖਿਆ ਅਧਿਕਾਰੀ ਪ੍ਰੋਮਨਾਥ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਗੋਲ਼ੀਬਾਰੀ ਦੇ ਖ਼ਦਸ਼ੇ ਨੂੰ ਦੇਖਦੇ ਹੋਏ ਇਹ ਕਦਮ ਚੁੱਕੇ ਗਏ ਹਨ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



