ਵੈੱਬ ਡੈਸਕ (Vikram Sehajpal) : ਸਾਊਦੀ ਅਰਬ ਦੇ ਸ਼ਹਿਜ਼ਾਦਾ ਮੁਹੰਮਦ ਬਿਨ ਸਲਮਾਨ ਨੇ ਕਿਹਾ ਹੈ ਕਿ ਈਰਾਨ ਵਿਰੁੱਧ ਦੁਨੀਆ ਨੇ ਇਕੱਠੇ ਹੋ ਕੇ ਕਾਰਵਾਈ ਨਾ ਕੀਤੀ ਤਾਂ ਤੇਲ ਦੀਆਂ ਕੀਮਤਾਂ ਏਨੀਆਂ ਵਧ ਸਕਦੀਆਂ ਹਨ, ਜਿਹੜੀਆਂ ਪਹਿਲਾਂ ਕਦੇ ਦੇਖੀਆਂ ਨਾ ਹੋਣ। ਸੀ ਬੀ ਐੱਸ ਚੈਨਲ ਨਾਲ ਇਕ ਘੰਟੇ ਦੀ ਇੰਟਰਵਿਊ ਵਿਚ ਉਨ੍ਹਾ ਕਿਹਾ ਕਿ ਉਂਜ ਉਹ ਚਾਹੁੰਦੇ ਹਨ ਕਿ ਈਰਾਨ ਨਾਲ ਫੌਜੀ ਦੀ ਥਾਂ ਸਿਆਸੀ ਢੰਗ ਨਾਲ ਨਜਿੱਠਿਆ ਜਾਵੇ। ਸਲਮਾਨ ਨੇ ਕਿਹਾ ਕਿ ਦੁਨੀਆ ਈਰਾਨ ਵਿਰੁੱਧ ਦ੍ਰਿੜ੍ਹ ਕਾਰਵਾਈ ਨਹੀਂ ਕਰਦੀ ਤਾਂ ਦੁਨੀਆ-ਭਰ ਦੇ ਹਿੱਤਾਂ ਨੂੰ ਖਤਰਾ ਹੋਵੇਗਾ।
ਤੇਲ ਦੀ ਸਪਲਾਈ ਰੁਕੇਗੀ ਅਤੇ ਇਸ ਦੀਆਂ ਕੀਮਤਾਂ ਏਨੀਆਂ ਵਧ ਜਾਣਗੀਆਂ, ਜਿਹੜੀਆਂ ਅਸੀਂ ਪੂਰੀ ਜ਼ਿੰਦਗੀ ਨਹੀਂ ਦੇਖੀਆਂ ਹੋਣਗੀਆਂ। ਸਲਮਾਨ 14 ਸਤੰਬਰ ਨੂੰ ਸਾਊਦੀ ਅਰਬ ਦੇ ਮੁੱਖ ਤੇਲ ਪਲਾਂਟ 'ਤੇ ਡਰੋਨ ਹਮਲੇ ਲਈ ਈਰਾਨ ਨੂੰ ਜ਼ਿੰਮੇਵਾਰ ਮੰਨਦੇ ਹਨ। ਇਸ ਹਮਲੇ ਤੋਂ ਬਾਅਦ ਦੁਨੀਆ ਵਿਚ ਪੰਜ ਫੀਸਦੀ ਤੇਲ ਸਪਲਾਈ ਪ੍ਰਭਾਵਤ ਹੋਈ ਹੈ। ਸਲਮਾਨ ਨੇ ਕਿਹਾ ਕਿ ਈਰਾਨ ਤੇ ਸਾਊਦੀ ਅਰਬ ਦੀ ਲੜਾਈ ਨਾਲ ਵਿਸ਼ਵ ਅਰਥ-ਵਿਵਸਥਾ ਦਾ ਪਤਨ ਹੋ ਜਾਵੇਗਾ।
ਸਾਊਦੀ ਅਰਬ ਤੇ ਅਮਰੀਕਾ ਤੋਂ ਇਲਾਵਾ ਯੂਰਪੀ ਸ਼ਕਤੀਆਂ ਵੀ ਹਮਲੇ ਲਈ ਈਰਾਨ ਨੂੰ ਜ਼ਿੰਮੇਵਾਰ ਮੰਨਦੀਆਂ ਹਨ, ਪਰ ਈਰਾਨ ਦਾ ਕਹਿਣਾ ਹੈ ਕਿ ਹਮਲੇ ਦੀ ਜ਼ਿੰਮੇਵਾਰੀ ਯਮਨ ਦੇ ਹੂਤੀ ਵਿਦਰੋਹੀਆਂ ਨੇ ਲਈ ਹੈ। ਸਾਊਦੀ ਅਰਬ ਯਮਨ ਵਿਚ ਹੂਤੀ ਵਿਦਰੋਹੀਆਂ 'ਤੇ ਕਾਫੀ ਚਿਰ ਤੋਂ ਹਮਲੇ ਕਰ ਰਿਹਾ ਹੈ।



